March 4, 2024

Chandigarh Headline

True-stories

ਕਰੋੜਾਂ ਦੀ ਵਿਰਾਸਤੀ ਜ਼ਮੀਨ ਹੜੱਪਣ ਦਾ ਮਾਮਲਾ ਆਇਆ ਸਾਹਮਣੇ

1 min read

ਮੋਹਾਲੀ, 7 ਅਗਸਤ, 2022: ਸੂਬੇ ਵਿਚ ਭੂ-ਮਾਫੀਏ ਸਮੇਤ ਅਨੇਕਾਂ ਮਾਫੀਆ ਗਰੁੱਪਾਂ ਨੂੰ ਨੱਥ ਪਾਉਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਰਾਜ ਵਿਚ ਵੀ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਆਮ ਲੋਕਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਹਥਿਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਮੋਹਾਲੀ ਦੇ ਪਿੰਡ ਸੇਖਨਮਾਜਰਾ ਦਾ ਸਾਹਮਣੇ ਆਇਆ ਹੈ, ਜਿਸ ਵਿਚ ਮਨਜੀਤ ਸਿੰਘ ਅਤੇ ਮਲਕੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਧੋਖੇ ਨਾਲ ਜ਼ਮੀਨ ਹਥਿਆਉਣ ਦੇ ਦੋਸ਼ ਵਿਚ ਕੇਸ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਪੁੱਤਰ ਰੌਣਕ ਸਿੰਘ ਪਿੰਡ ਛੱਤ, ਤਹਿਸੀਲ ਡੇਰਾਬਸੀ (ਮੋਹਾਲੀ) ਅਤੇ ਮਲਕੀਤ ਸਿੰਘ ਮਲਕੀਤ ਸਿੰਘ ਪੁੱਤਰ ਦਾਰਾ ਸਿੰਘ ਪਿੰਡ ਸੇਖਨਮਾਜਰਾ (ਮੋਹਾਲੀ) ਨੇ ਦੱਸਿਆ ਕਿ ਮੇਰੇ ਪਿਤਾ ਹੋਰੀਂ ਚਾਰ ਭਰਾ ਅਤੇ ਦੋ ਭੈਣਾਂ ਸਨ। ਸਾਡੇ ਅਣਵਿਆਹੇ (ਛੜਾ) ਚਾਚਾ ਮੇਵਾ ਸਿੰਘ ਪੁੱਤਰ ਚੇਤ ਸਿੰਘ ਵਾਸੀ ਪਿੰਡ ਸੇਖਨਮਾਜਰਾ ਤਹਿਸੀਲ ਤੇ ਜ਼ਿਲ੍ਹਾ ਮੋਹਾਲੀ ਦੇ ਹਿੱਸੇ 20 ਕਨਾਲ ਵਿਰਾਸਤੀ ਜ਼ਮੀਨ ਸੀ। ਉਹਨਾਂ ਦੋਸ਼ ਲਾਇਆ ਕਿ ਮੇਰੇ ਭਾਈ-ਭਰਜਾਈ ਬਲਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਪੁੱਤਰ ਰੌਣਕ ਸਿੰਘ ਨੇ ਮੇਰੇ ਚਾਚਾ ਮੇਵਾ ਸਿੰਘ ਦਾ ਅਨਪੜ੍ਹ ਹੋਣ ਫਾਇਦਾ ਉਠਾਉਂਦਿਆਂ ਉਪਰੋਕਤ 20 ਕਨਾਲ ਜ਼ਮੀਨ ਦੀ ਰਜਿਸਟਰੀ ਵਸੀਕਾ ਨੰ: 2666 ਮਿਤੀ 17.12.2013 ਨੂੰ ਧੋਖੇ ਨਾਲ ਬਿਨਾਂ ਕੋਈ ਪੇਮੈਂਟ ਕੀਤਿਆਂ ਸਿਰਫ਼ ਕਾਗਜ਼ਾਂ ਵਿਚ 1 ਕਰੋੜ 88 ਲੱਖ ਰੁਪਏ ਵਿਚ ਆਪਣੇ ਨਾਮ ਕਰਵਾ ਲਈ। ਇਥੇ ਹੀ ਬੱਸ ਨਹੀਂ ਸਗੋਂ ਬਲਜੀਤ ਕੌਰ ਪਤਨੀ ਬਲਜੀਤ ਸਿੰਘ ਦੋਵਾਂ ਨੇ ਇਹ ਜ਼ਮੀਨ ਮਿਤੀ 8.9.2021 ਅਤੇ 4.10.2021 ਨੂੰ ਅਵਤਾਰ ਸਿੰਘ ਲੰਬੜਦਾਰ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਸੇਖਨਮਾਜਰਾ (ਮੋਹਾਲੀ) ਨਾਲ ਮਿਲੀਭੁਗਤ ਕਰਕੇ ਅੱਗੇ ਵੱਖ ਵੱਖ ਵਿਅਕਤੀਆਂ ਜਿਨ੍ਹਾਂ ਵਿਚ ਬਲਵਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਪਿੰਡ ਸੇਖਨਮਾਜਰਾ, ਸੁਨੀਤਾ ਰਾਣੀ ਪਤਨੀ ਵਰਿੰਦਰ ਕੁਮਾਰ ਅਤੇ ਨਵਜੋਤ ਪੁੱਤਰ ਵਰਿੰਦਰ ਕੁਮਾਰ ਵਾਸੀ ਪੁਰਾਣਾ ਬਜ਼ਾਰ, ਸੋਹਾਣਾ, ਰਾਵਿੰਦਰ ਕੌਰ ਪਤਨੀ ਜਸਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਝੂੰਗੀਆਂ ਜੰਡਪੁਰ, ਜ਼ਿਲ੍ਹਾ ਮੋਹਾਲੀ ਅਤੇ ਵਿਜੈ ਸਿੰਗਲਾ ਤੇ ਅਜੈ ਸਿੰਗਲਾ ਪੁੱਤਰ ਅਮਰਨਾਥ ਵਾਸੀ ਪੰਚਕੂਲਾ ਨੂੰ ਵੇਚ ਦਿੱਤੀ।

ਉਹਨਾਂ ਅੱਗੇ ਦਸਿਆ ਕਿ ਇਸ ਮਾਮਲੇ ਦਾ ਸੱਚ ਮਿਤੀ 18.9.2019 ਨੂੰ ਸਾਡੇ ਚਾਚੇ ਮੇਵਾ ਸਿੰਘ ਦੀ ਮੌਤ ਹੋਣ ਬਾਅਦ ਸਾਹਮਣੇ ਆਇਆ ਤਾਂ ਅਸੀਂ ਕਾਰਵਾਈ ਕਰਦਿਆਂ ਉਪਰੋਕਤ ਦੋਸ਼ੀਆਂ ਖਿ਼ਲਾਫ਼ ਮੁਕੱਦਮਾ ਨੰ: 94, ਮਿਤੀ 25.2.2022 ਅ/ਧ 420, 406, 120ਬੀ ਅਧੀਨ ਪੁਲਿਸ ਸਟੇਸ਼ਨ ਸੋਹਾਣਾ, ਮੋਹਾਲੀ ਵਿਖੇ ਦਰਜ ਕਰਵਾਇਆ।

ਉਹਨਾਂ ਦਸਿਆ ਕਿ ਅਸੀਂ ਇਸ ਸਬੰਧ ਵਿਚ ਥਾਣਾ ਸੋਹਾਣਾ ਦੇ ਐਸ.ਐਚ.ਓ. ਅਤੇ ਡੀ.ਐਸ.ਪੀ. (ਈਓ ਵਿੰਗ) ਨੂੰ ਸ਼ਿਕਾਇਤ ਦਰਜ ਕਰਵਾਈ ਪਰ ਉਹਨਾਂ ਨੇ ਵੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕਰਨੀ ਜ਼ਰੂਰੀ ਨਹੀਂ ਸਮਝੀ। ਉਹਨਾਂ ਅੱਗੇ ਦਸਿਆ ਕਿ ਹੁਣ ਉਪਰੋਕਤ ਦੋਸ਼ੀ ਵਿਅਕਤੀਆਂ ਵਲੋਂ ਸਾਡੇ ਉਪਰ ਕੇਸ ਵਾਪਸ ਲੈਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਉਹਨਾਂ ਦਸਿਆ ਕਿ ਹੁਣ ਇਸ ਜ਼ਮੀਨ ਦੀ ਕੀਮਤ ਕਰੀਬ 7.5 ਕਰੋੜ ਰੁਪਏ ਹੈ।
ਇਸ ਸਬੰਧ ਵਿਚ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ, ਐਸਐਸਪੀ ਮੋਹਾਲੀ ਸਮੇਤ ਉਚ ਅਧਿਕਾਰੀਆਂ ਤੋਂ ਇਸ ਕੇਸ ਵਿਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਸੋਹਾਣਾ ਦੇ ਐਸ.ਐਚ.ਓ. ਗੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਈਓ ਵਿੰਗ ਕਰ ਰਿਹਾ ਹੈ ਅਤੇ ਸਾਡੇ ਕੋਲ ਇਸ ਕੇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਜਦੋਂ ਇਸ ਸਬੰਧੀ ਈਓ ਵਿੰਗ ਦੇ ਸਬੰਧਤ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਫੋਨ ਵਿਚ ਇਨਕਮਿੰਗ ਕਾਲ ਦੀ ਸਹੂਲਤ ਉਪਲੱਬਧ ਨਹੀਂ ਸੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..