ਦੁਕਾਨਦਾਰਾਂ ਨੂੰ ਖਾਧ ਸੁਰੱਖਿਆ ਕਾਨੂੰਨ ਦੀ ਟਰੇਨਿੰਗ ਦਿਤੀ ਜਾਵੇਗੀ : ਜ਼ਿਲ੍ਹਾ ਸਿਹਤ ਅਫ਼ਸਰ
1 min readਐਸ.ਏ.ਐਸ ਨਗਰ, 6 ਜੁਲਾਈ, 2022: ਪੰਜਾਬ ਸਰਕਾਰ ਦੁਆਰਾ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਆਮ ਲੋਕਾਂ ਨੂੰ ਮਿਆਰੀ ਤੇ ਸੁਚੱਜੀਆਂ ਸਿਹਤ ਸਹੂਲਤਾਂ ਮੁਹਈਆ ਕਰਾਉਣ ਅਤੇ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਰਕਾਰ ਨੇ ਖਾਧ ਪਦਾਰਥਾਂ ਦੀ ਸੁਰੱਖਿਆ, ਮਿਆਰ ਦੇ ਮਾਪਦੰਡ ਅਤੇ ਦੁਕਾਨਾਂ ਦੀ ਸਫ਼ਾਈ ਜਿਹੇ ਵਿਸ਼ਿਆਂ ’ਤੇ ਸਹੀ ਜਾਗਰੂਕਤਾ ਪੈਦਾ ਕਰਨ ਲਈ ਖਾਣ ਪੀਣ ਦੀਆਂ ਚੀਜ਼ਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ (ਫ਼ੂਡ ਬਿਜ਼ਨਸ ਆਪਰੇਟਰਾਂ) ਨੂੰ ਟਰੇਨਿੰਗ ਦੇਣ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧ ’ਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਟਰੇਨਿੰਗ ਦੇਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਕਮਿਸ਼ਨਰ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਸ੍ਰੀਮਤੀ ਨੀਲਿਮਾ ਦੁਆਰਾ ਦਿਤੇ ਗਏ ਨਿਰਦੇਸ਼ਾਂ ਦੇ ਆਧਾਰ ’ਤੇ ਦਿਤੀ ਜਾ ਰਹੀ ਹੈ। ਟਰੇਨਿੰਗ ਦੇਣ ਲਈ ਪ੍ਰਾਈਵੇਟ ਕੰਪਨੀ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਕੰਪਨੀ ਦੇ ਨੁਮਾਇੰਦੇ ਜ਼ਿਲ੍ਹੇ ਦੇ ਫ਼ੂਡ ਬਿਜ਼ਨਸ ਆਪਰੇਟਰਾਂ ਨੂੰ ਟਰੇਨਿੰਗ ਦੇਣਗੇ ਅਤੇ ਬਾਅਦ ਵਿਚ ਮਿਆਰ ਅਤੇ ਸਫ਼ਾਈ ਦਾ ਸਰਟੀਫ਼ੀਕੇਟ ਵੀ ਜਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਨੁਮਾਇੰਦੇ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਆਫ਼ ਇੰਡੀਆ ਦੇ ਨਿਯਮਾਂ ਬਾਰੇ ਦੁਕਾਨਦਾਰਾਂ ਨੂੰ ਪੂਰੀ ਜਾਣਕਾਰੀ ਦੇਣਗੇ।
ਡੀ.ਐਚ.ਓ. ਨੇ ਦੱਸਿਆ ਕਿ ਟਰੇਨਿੰਗ ਦਾ ਮਕਸਦ ਖਾਧ ਪਦਾਰਥਾਂ ਦੀਆਂ ਦੁਕਾਨਾਂ ਵਿਚ ਸਾਫ਼-ਸਫ਼ਾਈ ਅਤੇ ਮਿਆਰੀ ਖਾਧ ਪਦਾਰਥਾਂ ਦਾ ਨਿਰਮਾਣ ਤੇ ਵਿਕਰੀ ਯਕੀਨੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਇਹ ਟਰੇਨਿੰਗ ਸਕਸ਼ਮ ਐਜੂਟੈਕ ਐਂਡ ਮੈਨੇਜਮੈਂਟ ਮੋਹਾਲੀ ਦੇ ਨੁਮਾਇੰਦਿਆਂ ਵਲੋਂ ਦਿਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਟਰੇਲਿੰਗ ਦਾ ਹਿੱਸਾ ਬਣ ਕੇ ਫ਼ਾਇਦਾ ਲੈਣ ਤਾਕਿ ਲੋਕਾਂ ਲਈ ਮਿਆਰੀ ਖਾਧ ਪਦਾਰਥਾਂ ਦੀ ਉਪਲਭਧਤਾ ਯਕੀਨੀ ਬਣਾਈ ਜਾ ਸਕੇ। ਮੀਟਿੰਗ ਵਿਚ ਫ਼ੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ ਅਤੇ ਰਵੀਨੰਦਨ ਗੋਇਲ ਵੀ ਮੌਜੂਦ ਸਨ।