ਸਿੱਧੂ ਮੂਸੇਵਾਲਾ ਦੇ ਕਤਲ ਦੀ ਤੇਜ਼ੀ ਨਾਲ ਜਾਂਚ ਲਈ ਤਿੰਨ ਮੈਂਬਰੀ ਸਿਟ ਦਾ ਗਠਨ
1 min readਚੰਡੀਗੜ, 30 ਮਈ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਬਠਿੰਡਾ ਰੇਂਜ ਪਰਦੀਪ ਯਾਦਵ ਨੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੀ ਪ੍ਰਭਾਵੀ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਐਸਆਈਟੀ ਮੈਂਬਰਾਂ ਵਿੱਚ ਐਸਪੀ ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀਆਈਏ ਮਾਨਸਾ ਪਿ੍ਰਥੀਪਾਲ ਸਿੰਘ ਸ਼ਾਮਲ ਹਨ।
ਸਿੱਧੂ ਮੂਸੇਵਾਲਾ, ਜੋ ਦੋ ਵਿਅਕਤੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਸ਼ਾਮ 4:30 ਵਜੇ ਦੇ ਕਰੀਬ ਆਪਣੇ ਘਰੋਂ ਨਿਕਲਿਆ ਸੀ, ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸ਼ੁਭਦੀਪ ਸਿੰਘ ਆਪਣੀ ਮਹਿੰਦਰਾ ਥਾਰ ਗੱਡੀ ਚਲਾ ਰਿਹਾ ਸੀ।
ਡੀਜੀਪੀ ਵੀਕੇ ਭਾਵਰਾ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲਾ ਪਿੰਡ ਜਵਾਹਰ ਕੇ ਪਹੁੰਚਿਆ ਤਾਂ ਉਨਾਂ ਦੇ ਪਿੱਛੇ ਇੱਕ ਚਿੱਟੇ ਰੰਗ ਦੀ ਕੋਰੋਲਾ ਗੱਡੀ ਆਈ ਅਤੇ ਉਨਾਂ ਨੂੰ ਸਾਹਮਣੇ ਤੋਂ ਦੋ ਕਾਰਾਂ ਇੱਕ ਚਿੱਟੇ ਰੰਗ ਦੀ ਬੋਲੈਰੋ ਅਤੇ ਇੱਕ ਡਾਰਕ ਗ੍ਰੇ ਸਕਾਰਪੀਓ ਨੇ ਘੇਰ ਲਿਆ।
ਉਨਾਂ ਕਿਹਾ ਸਿੱਧੂ ਮੂਸੇਵਾਲਾ ਅਤੇ ਉਸਦੇ ਦੋਸਤਾਂ ’ਤੇ ਸਾਹਮਣੇ ਤੋਂ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਵਿਚ ਸਾਰੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਉਨਾਂ ਅੱਗੇ ਕਿਹਾ ਕਿ ਪੁਲਿਸ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਤਿੰਨਾਂ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ, ਜਿੱਥੇ ਸਿੱਧੂ ਮੂਸੇਵਾਲਾ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ, ਜਦੋਂਕਿ ਉਸਦੇ ਚਚੇਰੇ ਭਰਾ ਅਤੇ ਦੋਸਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨਾਂ ਨੂੰ ਇਲਾਜ ਲਈ ਅੱਗੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
ਸਿੱਧੂ ਦੀ ਸੁਰੱਖਿਆ ਵਾਪਸ ਲੈਣ ’ਤੇ ਡੀਜੀਪੀ ਨੇ ਕਿਹਾ ਕਿ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਪੁਲਿਸ ਨੇ ਅਮਨ-ਕਾਨੂੰਨ ਦੀ ਡਿਊਟੀ ਲਈ ਸਿੱਧੂ ਮੂਸੇਵਾਲਾ ਦੇ ਸਿਰਫ਼ ਦੋ ਸੁਰੱਖਿਆ ਮੁਲਾਜ਼ਮ ਆਰਜ਼ੀ ਤੌਰ ’ਤੇ ਵਾਪਸ ਲਏ ਸਨ, ਜਦਕਿ ਉਨਾਂ ਦੇ ਨਾਲ ਕਮਾਂਡੋ ਬਟਾਲੀਅਨ ਦੇ ਦੋ ਪੁਲਿਸ ਮੁਲਾਜ਼ਮ ਹਾਲੇ ਵੀ ਤਾਇਨਾਤ ਸਨ। ਉਨਾਂ ਦੱਸਿਆ ਕਿ ਅੱਜ ਘਰੋਂ ਨਿਕਲਣ ਸਮੇਂ ਸਿੱਧੂ ਆਪਣੇ ਦੋ ਪੁਲਿਸ ਮੁਲਾਜ਼ਮਾਂ ਨੂੰ ਨਾਲ ਨਹੀਂ ਲੈ ਕੇ ਗਿਆ ਅਤੇ ਆਪਣੀ ਨਿੱਜੀ ਬੁਲੇਟ ਪਰੂਫ ਕਾਰ ਵੀ ਘਰ ਹੀ ਛੱਡ ਗਿਆ।
ਡੀਜੀਪੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਲੱਕੀ ਪਟਿਆਲ ਗਰੁੱਪ ਵਿਚਕਾਰ ਅੰਤਰ-ਗਿਰੋਹ ਦੁਸ਼ਮਣੀ ਜਾਪਦੀ ਹੈ। ਉਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਨੂੰ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਸ਼ੂਟਰਾਂ-ਸਨੀ, ਅਨਿਲ ਲਠ ਅਤੇ ਭੋਲੂ, ਜੋ ਕਿ ਸਾਰੇ ਹਰਿਆਣਾ ਦੇ ਰਹਿਣ ਵਾਲੇ ਹਨ, ਨੂੰ ਪਹਿਲਾਂ ਹੀ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂਕਿ ਇੱਕ ਹੋਰ ਮੁਲਜ਼ਮ ਜਿਸ ਦੀ ਦੀ ਪਛਾਣ ਸ਼ਗਨਪ੍ਰੀਤ ਵਜੋਂ ਹੋਈ ਹੈ, ਜੋ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ, ਨੂੰ ਵਿੱਕੀ ਦੇ ਕਤਲ ਸਬੰਧੀ ਦਰਜ ਐਫਆਈਆਰ ਵਿੱਚ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸ਼ਗਨਪ੍ਰੀਤ ਆਸਟ੍ਰੇਲੀਆ ਭੱਜ ਗਿਆ ਹੈ ਅਤੇ ਪੁਲਿਸ ਨੂੰ ਉਸਦੀ ਭਾਲ ਹੈ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅਪਰਾਧ ਵਿੱਚ 7.62 ਐਮਐਮ, 9 ਐਮਐਮ ਅਤੇ 0.30 ਬੋਰ ਸਮੇਤ ਤਿੰਨ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਡੀਜੀਪੀ ਨੇ ਆਈਜੀ ਬਠਿੰਡਾ ਰੇਂਜ ਪ੍ਰਦੀਪ ਯਾਦਵ, ਐਸਐਸਪੀ ਮਾਨਸਾ ਗੌਰਵ ਤੂਰਾ ਅਤੇ ਐਸਐਸਪੀ ਬਠਿੰਡਾ ਜੇ ਐਲਨਚੇਜ਼ੀਅਨ ਨੂੰ ਮਾਨਸਾ ਵਿੱਚ ਹੀ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ, ਜਦੋਂ ਕਿ ਏਡੀਜੀਪੀ ਕਾਨੂੰਨ ਅਤੇ ਵਿਵਸਥਾ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਲਈ ਲੋੜੀਂਦੀ ਫੋਰਸ ਜੁਟਾ ਦਿੱਤੀ ਗਈ ਹੈ।