ਮੁੱਖ ਮੰਤਰੀ ਵੱਲੋਂ ਜਰਮਨ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਸੱਦਾ
1 min readਚੰਡੀਗੜ੍ਹ, 26 ਮਈ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਪੇਸ਼ ਕਰਦਿਆਂ ਸੂਬੇ ਵਿੱਚ ਨਿਵੇਸ਼ ਲਈ ਜਰਮਨ ਨਿਵੇਸ਼ਕਾਂ ਨੂੰ ਸੱਦਾ ਦਿੱਤਾ।
ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਉਤੇ ਵੀਰਵਾਰ ਸਵੇਰੇ ਮੁਲਾਕਾਤ ਲਈ ਪੁੱਜੇ ਜਰਮਨ ਸਫ਼ਾਰਤਖਾਨੇ ਦੇ ਮਿਨਿਸਟਰ ਇਕਨਾਮਿਕ ਐਂਡ ਗਲੋਬਲ ਅਫੇਅਰਜ਼ ਡਾ. ਸਟੀਫਨ ਕੌਚ ਤੇ ਹੈੱਡ ਐਨਰਜੀ ਇੰਡੀਆ ਡਾ. ਵਿਨਫਰਾਈਡ ਡੈਮ ਨੂੰ ਭਗਵੰਤ ਮਾਨ ਨੇ ਕਿਹਾ ਕਿ ਇੰਜਨੀਅਰਿੰਗ, ਊਰਜਾ ਤੇ ਬਾਇਓਮਾਸ ਤੇ ਹੋਰ ਖੇਤਰਾਂ ਵਿੱਚ ਜਰਮਨਾਂ ਦੀ ਮੁਹਾਰਤ ਦੀ ਦੁਨੀਆ ਕਾਇਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੋਰ ਖੇਤਰਾਂ ਦੇ ਨਾਲ-ਨਾਲ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਲਈ ਜਰਮਨਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਨਅਤੀ ਵਿਕਾਸ ਵਿੱਚ ਪੰਜਾਬ ਨੂੰ ਮੋਹਰੀ ਸੂਬੇ ਵਜੋਂ ਉਭਾਰਨ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਇਕ ਅਜਿਹਾ ਢਾਂਚਾ ਬਣਾ ਲਿਆ ਹੈ, ਜਿਸ ਤਹਿਤ ਸੂਬੇ ਵਿੱਚ ਸਨਅਤ ਲਾਉਣ ਲਈ ਸਿੰਗਲ ਵਿੰਡੋ ਰਾਹੀਂ ਸਾਰੀਆਂ ਮਨਜ਼ੂਰੀਆਂ ਮਿਲਣਗੀਆਂ ਅਤੇ ਇਨ੍ਹਾਂ ਮਨਜ਼ੂਰੀਆਂ ਵਿੱਚ ਤੇਜ਼ੀ ਲਈ ਇਕ ਵਿਸ਼ੇਸ਼ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਦੇ ਇੱਛੁਕ ਨਿਵੇਸ਼ਕ ਮਨਜ਼ੂਰੀ ਲਈ ਆਨਲਾਈਨ ਬਿਨੈ ਕਰ ਸਕਦੇ ਹਨ ਅਤੇ ਮਨਜ਼ੂਰੀਆਂ ਤੇਜ਼ੀ ਨਾਲ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਵਧੀਆ ਮੌਸਮੀ ਹਾਲਾਤ ਤੇ ਅਮਨ ਦੇ ਨਾਲ-ਨਾਲ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਕਤਈ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਦਾ ਨਿਵੇਸ਼ਕਾਂ ਨੂੰ ਵੱਡੇ ਪੱਧਰ ਉਤੇ ਫਾਇਦਾ ਮਿਲ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਖ਼ਾਸ ਤੌਰ ਉਤੇ ਜਰਮਨ ਸਨਅਤ ਸਥਾਪਤ ਕਰਨ ਲਈ ਕਲੱਸਟਰ ਬਣਾਉਣ ਵਾਸਤੇ ਪੰਜਾਬ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਉਤੇ ਪਹੰੁਚਾਏਗੀ ਅਤੇ ਇਸ ਲਈ ਮੁੱਢਲੇ ਦੌਰ ਵਿੱਚ ਨਿਵੇਸ਼ਕਾਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਜਰਮਨੀ ਦੇ ਨਿਵੇਸ਼ਕਾਂ ਦੇ ਕਈ ਪ੍ਰਾਜੈਕਟਾਂ ਪਹਿਲਾਂ ਹੀ ਵਿਚਾਰ-ਅਧੀਨ ਹਨ।
ਇਸ ਦੌਰਾਨ ਮੁੱਖ ਮੰਤਰੀ ਦੇ ਸਹਿਯੋਗ ਤੇ ਤਾਲਮੇਲ ਦੇ ਭਰੋਸੇ ਮਗਰੋਂ ਕੌਚ ਅਤੇ ਡੈਮ ਨੇ ਆਖਿਆ ਕਿ ਪੰਜਾਬ ਵਿੱਚ ਸਨਅਤੀ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰੋਮੋਸ਼ਨ ਦਿਲੀਪ ਕੁਮਾਰ, ਸੀ.ਈ.ਓ. ਇਨਵੈਸਟ ਪੰਜਾਬ ਕੇ.ਕੇ. ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਹਾਜ਼ਰ ਸਨ।