October 16, 2024

Chandigarh Headline

True-stories

ਸਾਵਧਾਨ! ਵਟਸਐਪ ‘ਤੇ ਧੋਖਾਧੜੀ ਕਰਨ ਵਾਲਿਆਂ ਤੋ ਬਚੋ, ਪੰਜਾਬ ਪੁਲਿਸ ਨੇ ਦਿੱਤੀ ਚੇਤਾਵਨੀ

1 min read

ਚੰਡੀਗੜ, 26 ਮਈ, 2022: ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਅੱਜ ਪੰਜਾਬ ਦੇ ਲੋਕਾਂ ਲਈ ਇੱਕ ਐਡਵਾਈਜਰੀ ਜਾਰੀ ਕਰਕੇ ਸੀਨੀਅਰ ਅਧਿਕਾਰੀਆਂ/ਅਹੁਦੇਦਾਰਾਂ ਦੀਆਂ ਜਾਅਲੀ ਵਾਟਸਅਪ ਆਈਡੀ ਦੀ ਵਰਤੋਂ ਕਰਕੇ ਵਿੱਤੀ/ਪ੍ਰਸ਼ਾਸਕੀ ਮੰਗ ਕਰਨ ਵਾਲੇ ਸੰਦੇਸ਼ਾਂ ਤੋਂ ਸੁਚੇਤ ਰਹਿਣ ਦਾ ਸੁਝਾਅ ਦਿੱਤਾ ਹੈ। ਸਾਈਬਰ ਕ੍ਰਾਈਮ ਸੈੱਲ ਨੇ ਉਨਾਂ ਨੂੰ ਇਹ ਵੀ ਕਿਹਾ ਕਿ ਜੇਕਰ ਅਜਿਹਾ ਮਾਮਲਾ ਉਨਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਤੁਰੰਤ ਟੋਲ ਫਰੀ ਨੰਬਰ ‘1930’ ‘ਤੇ ਸੂਚਨਾ ਦੇਣ।

ਵੇਰਵਿਆਂ ਦਾ ਖੁਲਾਸਾ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਸਟੇਟ ਸਾਈਬਰ ਕ੍ਰਾਈਮ ਆਰ.ਕੇ. ਜੈਸਵਾਲ ਨੇ ਕਿਹਾ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ, ਜਿਨਾਂ ਵਿੱਚ ਧੋਖਾਧੜੀ ਕਰਨ ਵਾਲਿਆਂ ਨੇ ਵੀਵੀਆਈਪੀ ਦੀ ਪਛਾਣ ਅਪਣਾ ਕੇ ਨਿਰਦੋਸ਼ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ।

ਤੁਰੰਤ ਕਾਰਵਾਈ ਕਰਦਿਆਂ ਪੰਜਾਬ ਸਟੇਟ ਸਾਈਬਰ ਕ੍ਰਾਈਮ ਨੇ ਥਾਣਾ ਸਟੇਟ ਸਾਈਬਰ ਕ੍ਰਾਈਮ, ਐਸ.ਏ.ਐਸ.ਨਗਰ ਵਿਖੇ 26 ਅਪ੍ਰੈਲ, 2022 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 420 ਅਤੇ 511, ਆਈਟੀ ਐਕਟ ਦੀਆਂ ਧਾਰਾਵਾਂ 66ਸੀ ਅਤੇ 66ਡੀ ਅਤੇ 19 ਮਈ, 2022 ਨੂੰ ਆਈਟੀ ਐਕਟ ਦੀ ਧਾਰਾ 66ਸੀ ਦੇ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਹਨ। ਉਨਾਂ ਕਿਹਾ ਕਿ ਸਟੇਟ ਸਾਈਬਰ ਕ੍ਰਾਈਮ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਆਈਜੀਪੀ ਆਰ.ਕੇ. ਜੈਸਵਾਲ ਨੇ ਲੋਕਾਂ ਨੂੰ ਵਟਸਐਪ/ਸੋਸ਼ਲ ਮੀਡੀਆ ਪ੍ਰੋਫਾਈਲਾਂ ‘ਤੇ ਡਿਸਪਲੇ ਤਸਵੀਰ/ਨਾਮ ਦੇ ਆਧਾਰ ‘ਤੇ ਪ੍ਰਤੀਕਿਰਿਆ ਕਰਨ, ਸੱਕੀ ਵੈੱਬਸਾਈਟਾਂ (ਟੋਰੈਂਟ, ਸਾਰਟ-ਐਂਡ ਯੂਆਰਐਲ ਆਦਿ) ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਧੋਖਾਧੜੀ ਵਾਲੇ/ਜਾਅਲੀ ਸੋਸਲ ਮੀਡੀਆ ਖਾਤਿਆਂ ਵੱਲੋਂ ਧੋਖੇ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਗੁਪਤ ਜਾਣਕਾਰੀ ਜਿਵੇਂ ਕਿ ਓਟੀਪੀ, ਬੈਂਕ ਖਾਤੇ, ਕ੍ਰੈਡਿਟ/ਡੈਬਿਟ ਕਾਰਡ ਜਾਂ ਸੋਸਲ ਸਿਕਿਉਰਿਟੀ ਨੰਬਰ ਸਾਂਝਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਦਰਜ ਕੀਤੇ ਗਏ ਦੋ ਮਾਮਲਿਆਂ ਵਿੱਚ ਮੁਲਜਮਾਂ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਡੀਆਈਜੀ ਸਟੇਟ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਕਿਹਾ ਕਿ ਦੋਸ਼ੀਆਂ ਦਾ ਮੁੱਖ ਉਦੇਸ਼ ਭੋਲੇ-ਭਾਲੇ ਵਿਅਕਤੀਆਂ ਨੂੰ ਧੋਖਾ ਦੇਣਾ ਸੀ ਅਤੇ ਇਸ ਤਰਾਂ ਦੀ ਧੋਖਾਧੜੀ ਪੂਰੇ ਭਾਰਤ ਵਿੱਚ ਪ੍ਰਚਲਿਤ ਹੈ। ਉਹਨਾਂ ਕਿਹਾ ਕਿ ਇਹ ਬੇਈਮਾਨ ਤੱਤ ਵੱਖ-ਵੱਖ ਅਧੁਨਿਕ ਤਰੀਕਿਆਂ ਦੀ ਵਰਤੋਂ ਕਰਕੇ ਵੱਖ-ਵੱਖ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਹਨਾਂ ਦੇ ਮੋਬਾਈਲ ਫੋਨਾਂ ਤੱਕ ਅਣਅਧਿਕਾਰਤ ਤਰੀਕੇ ਨਾਲ ਪਹੁੰਚ ਕਰਦੇ ਹਨ।

ਡੀਆਈਜੀ ਨੇ ਕਿਹਾ, “ਇਸ ਤੋਂ ਬਾਅਦ, ਦੋਸ਼ੀ ਆਪਣੇ ਆਪ ਨੂੰ ਸੀਨੀਅਰ ਅਫਸਰਾਂ/ਅਹੁਦੇਦਾਰਾਂ ਵਜੋਂ ਪੇਸ਼ ਕਰਦੇ ਹਨ ਅਤੇ ਐਮਾਜਾਨ ਗਿਫਟ ਵਾਊਚਰ ਦੇ ਰੂਪ ਵਿੱਚ ਜਾਂ ਮੈਡੀਕਲ ਐਮਰਜੈਂਸੀ ਦੇ ਬਹਾਨੇ ਜਾਂ ਕਿਸੇ ਵੀ ਤਰਾਂ ਦੀ ਹੰਗਾਮੀ ਸਥਿਤੀ ਪੈਦਾ ਕਰਕੇ ਪੈਸੇ ਦੀ ਮੰਗ ਕਰਦੇ ਹਨ।” ਉਹਨਾਂ ਅੱਗੇ ਕਿਹਾ ਕਿ ਅੱਗੇ ਦੀ ਜਾਂਚ ਤਕਨੀਕੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਾਈਬਰ ਕ੍ਰਾਈਮ ਟੀਮਾਂ ਬਹੁਤ ਸਾਰੇ ਤੱਥਾਂ ਨੂੰ ਇਕੱਠਾ ਕਰ ਰਹੀਆਂ ਹਨ ਅਤੇ ਅਪਰਾਧ ਵਿੱਚ ਸ਼ਾਮਲ ਦੋਸ਼ੀਆਂ ਤੱਕ ਪਹੁੰਚਣ ਲਈ ਜਰੂਰੀ ਕੜੀਆਂ ਨੂੰ ਜੋੜ ਰਹੀਆਂ ਹਨ।

ਉਹਨਾਂ ਅੱਗੇ ਕਿਹਾ ਕਿ ਉਹ ਬੇਕਸੂਰ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋਸੀਆਂ ਨੂੰ ਕਾਬੂ ਕਰਨ ਦੇ ਕਾਫ਼ੀ ਨਜਦੀਕ ਹਨ।

ਜ਼ਿਕਰਯੋਗ ਹੈ ਕਿ ਸਾਲ 2020-2021 ਦੌਰਾਨ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ, ਜਿਸ ਵਿੱਚ ਸਟੇਟ ਸਾਈਬਰ ਕ੍ਰਾਈਮ, ਪੰਜਾਬ ਨੇ ਨੈਟਵਰਕ ਨੂੰ ਤੋੜਦਿਆਂ ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਮੁੱਖ ਮੁਲਜਮਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..