ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਸਿਆਲਬਾ ਵਿਖੇ ਲਗਾਇਆ ਗਿਆ ਕੈਂਪ
1 min readਐਸ.ਏ.ਐਸ ਨਗਰ, 26 ਮਈ, 2022: ਘੱਟ ਰਹੇ ਪਾਣੀ ਦੇ ਸਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਡਾ ਗੁਰਬਚਨ ਸਿੰਘ ਦੇ ਸੰਚਾਲਨ ਹੇਠ ਬਲਾਕ ਮਾਜਰੀ ਦੇ ਪਿੰਡ ਸਿਆਲਬਾ ਵਿਖੇ ਬਿਨਾਂ ਕੱਦੂ ਕਿੱਤੇ ਝੋਨੇ ਦੀ ਸਿੱਧੀ ਬਿਜਾਈ ਨਾਲ ਕਾਸ਼ਤ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆI ਇਸ ਕੈਂਪ ਵਿੱਚ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਅਪੀਲ ਕੀਤੀ ਕਿ ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਪਾਣੀ ਦੀ ਬੱਚਤ ਕਰਨ ਵਾਲੀ ਤਕਨੀਕ ਹੈ, ਜਿਸ ਨਾਲ 10-20% ਪਾਣੀ ਦੀ ਬੱਚਤ, ਜ਼ਮੀਨ ਵਿੱਚ ਪਾਣੀ ਦਾ 10-12% ਜਿਆਦਾ ਰੀਚਾਰਜ, ਲੇਬਰ ਦੀ ਬੱਚਤ, ਘੱਟ ਬਿਮਾਰੀਆ ਅਤੇ ਅਗਲੀ ਕਣਕ ਦੀ ਫ਼ਸਲ ਦਾ ਜਿਆਦਾ ਝਾੜ ਨਿਕਲਦਾ ਹੈ।
ਡਾ ਪਰਸਿਂਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਤਰ-ਵੱਤਰ ਵਿਧੀ ਨਾਲ ਬਿਜਾਈ ਕੀਤੀ ਜਾਂਦੀ ਹੈ ਤਾਂ ਬੀਜ ਨੂੰ 8-12 ਘੰਟਿਆ ਲਈ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ 21 ਦਿਨਾਂ ਬਾਅਦ ਹੀ ਸਿੰਚਾਈ ਕਰੋI ਸਿੱਧੀ ਬਿਜਾਈ ਲਈ ਦਰਮਿਆਨੀ ਤੋਂ ਹਲਕਿਆਂ ਭਾਰੀਆਂ ਜ਼ਮੀਨਾਂ ਢੁਕਵੀਆਂ ਹੁੰਦੀਆਂ ਹਨ I ਬਿਜਾਈ ਤੋ ਤਰੁੰਤ ਬਾਅਦ ਨਦੀਨਾਂ ਦੀ ਰੋਕਥਾਮ ਲਈ ਇਕ ਲੀਟਰ ਸਟੌਂਪ,ਬੰਕਰ 30 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਉਹਨਾ ਵੱਲੋ ਕਿਸਾਨਾ ਨੂੰ ਅਪੀਲ ਕੀਤੀ ਗਈ ਕਿ ਬਿਜਾਈ ਸੰਬੰਧੀ ਕੋਈ ਵੀ ਦਿੱਕਤ ਪੇਸ਼ ਆਉਦੀ ਹੈ ਤਾਂ ਕਿਸਾਨ ਕਿਸੇ ਵੀ ਸਮੇ ਖੇਤੀਬਾੜੀ ਅਧਿਕਾਰੀਆ ਨੂੰ ਸੰਪਰਕ ਕਰ ਸਕਦੇ ਹਨ। ਕਿਸਾਨਾਂ ਵਲੋਂ ਵੀ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਲਈ ਭਰਵਾਂ ਹੁੰਗਾਰਾ ਭਰਿਆ ਗਿਆ ਅਤੇ ਖੇਤੀਬਾੜੀ ਮਹਿਕਮੇ ਵੱਲੋ ਲਗਾਏ ਜਾ ਰਹੇ ਕੈਂਪਾ ਨੂੰ ਸ਼ਲਾਘਾਯੋਗ ਕਦਮ ਦੱਸਿਆI ਇਸ ਮੌਕੇ ਤੇ ਕਿਸਾਨ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਵਿਨੋਦ ਕੂਮਾਰ ਅਤੇ ਜਸਵੰਤ ਸਿੰਘ ਏ ਟੀ ਐਮ ਮੌਜੂਦ ਸਨ।