July 27, 2024

Chandigarh Headline

True-stories

ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਹੋਵੇਗੀ ਜਾਂਚ-ਈ ਟੀ ਓ

1 min read

ਅੰਮ੍ਰਿਤਸਰ, 14 ਮਈ, 2022: ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਕਾਰਨ ਲੱਗੀ ਭਿਆਨਕ ਅੱਗ ਦੀ ਖਬਰ ਸੁਣਦੇ ਹੀ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਮੌਕੇ ਉਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਜਿੱਥੇ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦਾ ਹਾਲ-ਚਾਲ ਪੁੱਛਿਆ ਤੇ ਅੱਗ ਬੁਝਾਉਣ ਵਿਚ ਲੱਗੇ ਅੱਗ ਬੁਝਾਊ ਦਸਤੇ ਦੀ ਹੌਸਲਾ ਅਫਜਾਈ ਕੀਤੀ, ਉਥੇ ਅੱਗ ਲੱਗਣ ਦੇ ਕਾਰਨਾਂ ਦੀ ਤਹਿ ਤੱਕ ਜਾਣ ਦੀ ਹਦਾਇਤ ਵੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। ਦੱਸਣਯੋਗ ਹੈ ਕਿ ਅੱਗ ਨੇ ਭਾਵੇਂ ਗਰਮੀ ਕਾਰਨ ਬਹੁਤ ਛੇਤੀ ਇਮਾਰਤ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ, ਪਰ ਪ੍ਰਬੰਧਕੀ ਅਮਲੇ ਵੱਲੋਂ ਵਿਖਾਈ ਗਈ ਫੁਰਤੀ ਕਾਰਨ ਸਾਰੇ ਲੋਕਾਂ ਨੂੰ ਸੁਰੱਖਿਅਤ ਇਮਾਰਤ ਵਿਚੋਂ ਕੱਢ ਲਿਆ ਗਿਆ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਘਟਨਾ ਸਥਾਨ ਉਤੇ ਪੁੱਜੇ ਕੈਬਨਿਟ ਮੰਤਰੀ ਈ ਟੀ ਓ ਨੇ ਕਿਹਾ ਕਿ ਇਸ ਘਟਨਾ ਲਈ ਜਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਬਖਸ਼ੇ ਨਹੀਂ ਜਾਣਗੇ। ਉਨਾਂ ਕਿਹਾ ਕਿ ਭਾਵੇਂ ਮੋਟੇ ਤੌਰ ਉਤੇ ਇਹ ਅੱਗ ਬਿਜਲੀ ਦੇ ਪੁਰਾਣੇ ਟਰਾਂਸਫਾਰਮ ਤੋਂ ਲੀਕ ਹੋਏ ਤੇਲ ਨਾਲ ਲੱਗੀ ਪ੍ਰਤੀਤ ਹੁੰਦੀ ਹੈ, ਪਰ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਜਿੱਥੇ ਹਜ਼ਾਰਾਂ ਲੋਕਾਂ ਦਾ ਰੋਜ਼ਾਨਾ ਇਲਾਜ ਕਰਦਾ ਹੈ, ਉਥੇ ਇਸ ਮੈਡੀਕਲ ਕਾਲਜ ਵਿਚ ਸਾਡੇ ਭਵਿੱਖ ਦੇ ਡਾਕਟਰ ਪੜਾਈ ਕਰ ਰਹੇ ਹਨ। ਸੋ ਕਿਸੇ ਵੀ ਹਾਲਤ ਵਿਚ ਹਸਪਤਾਲ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਨਹੀਂ ਪਾਇਆ ਜਾ ਸਕਦਾ। ਉਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅੱਗ ਬੁਝਣ ਤੋਂ ਬਾਅਦ ਹਸਪਤਾਲ ਦੀ ਬਿਜਲੀ ਸਪਲਾਈ ਆਮ ਵਾਂਗ ਚਾਲੂ ਕਰਨ ਦੀ ਹਦਾਇਤ ਵੀ ਕੀਤੀ। ਅਧਿਕਾਰੀਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਕੈਬਨਿਟ ਮੰਤਰੀ ਨੇ ਕਿਹਾ ਕਿ ਹਸਪਤਾਲ ਦੀ ਬਿਜਲੀ ਲੋੜ ਪੂਰੀ ਕਰਨ ਲਈ ਛੇਤੀ ਹੀ ਇਥੇ ‘ਕੰਪੈਕਸ ਸਬ ਸਟੇਸ਼ਨ’ ਲਗਾਇਆ ਜਾਵੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..