December 12, 2024

Chandigarh Headline

True-stories

ਹਰ ਮਠਿਆਈ ਦੁਕਾਨਦਾਰ ਨੂੰ ਲਿਖ ਕੇ ਲਾਉਣਾ ਪਵੇਗਾ ਕਿ ਕਿਹੜੀ ਤਰੀਕ ਤਕ ਮਠਿਆਈ ਖਾਣਯੋਗ ਹੈ : ਜ਼ਿਲ੍ਹਾ ਸਿਹਤ ਅਧਿਕਾਰੀ

1 min read

ਐਸ.ਏ.ਐਸ ਨਗਰ, 13 ਮਈ, 2022: ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਨੇ ਮਠਿਆਈ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਹਰ ਦੁਕਾਨਦਾਰ ਨੂੰ ਟਰੇਅ ਉਤੇ ‘ਇਸ ਤਰੀਕ ਤੋਂ ਪਹਿਲਾਂ ਖਾਣਯੋਗ’ ਵਾਲੀ ਪਰਚੀ ਲਗਾਉਣੀ ਪਵੇਗੀ ਤੇ ਜਿਹੜੇ ਦੁਕਾਨਦਾਰ ਅਜਿਹਾ ਨਹੀਂ ਕਰਨਗੇ, ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ। ਇਹ ਨਿਯਮ ਦੇਸ਼ ਭਰ ’ਚ 1 ਅਕਤੂਬਰ, 2020 ਤੋਂ ਲਾਗੂ ਹੈ ਜਿਸ ਬਾਰੇ ਦੁਕਾਨਦਾਰਾਂ ਨੂੰ ਪਹਿਲਾਂ ਵੀ ਕਈ ਵਾਰ ਜਾਣਕਾਰੀ ਦਿਤੀ ਜਾ ਚੁੱਕੀ ਹੈ।

ਡੀ.ਐਚ.ਓ. ਨੇ ਕਿਹਾ ਕਿ ਆਮ ਤੌਰ ’ਤੇ ਦੁਕਾਨਦਾਰਾਂ ਨੇ ਟਰੇਆਂ ਵਿਚ ਖੁਲ੍ਹੀਆਂ ਮਠਿਆਈਆਂ ਰੱਖੀਆਂ ਹੁੰਦੀਆਂ ਹਨ ਅਤੇ ਗਾਹਕਾਂ ਨੂੰ ਪਤਾ ਨਹੀਂ ਲਗਦਾ ਕਿ ਮਠਿਆਈਆਂ ਕਦੋਂ ਬਣੀਆਂ ਹਨ ਅਤੇ ਕਦੋਂ ਤਕ ਖਾਣਯੋਗ ਹਨ। ਇਸ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਦੁਕਾਨਦਾਰਾਂ ਨੂੰ ਮਠਿਆਈ ਵਾਲੀ ਹਰ ਟਰੇਅ ਅੱਗੇ ਪਰਚੀ ਲਗਾ ਕੇ ਦਰਸਾਉਣਾ ਪਵੇਗਾ ਕਿ ਇਹ ਮਠਿਆਈ ਫਲਾਣੀ ਤਰੀਕ ਤਕ ਖਾਧੀ ਜਾ ਸਕਦੀ ਹੈ। ਡਾ. ਸੁਭਾਸ਼ ਨੇ ਕਿਹਾ ਕਿ ਮਠਿਆਈ ਦੁਕਾਨਦਾਰ 15 ਦਿਨਾਂ ਦੇ ਅੰਦਰ-ਅੰਦਰ ਇਸ ਨਿਯਮ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਜੇ 15 ਦਿਨਾਂ ਮਗਰੋਂ ਕੋਈ ਦੁਕਾਨਦਾਰ ਇਸ ਨਿਯਮ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੁਹਰਾਇਆ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਹਰ ਦੁਕਾਨਦਾਰ, ਦੋਧੀ ਜਾਂ ਹੋਰ ਸਬੰਧਤ ਵਿਅਕਤੀ ਲਈ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣਾ ਜ਼ਰੂਰੀ ਹੈ। ਜੇ ਕੋਈ ਵੀ ਦੁਕਾਨਦਾਰ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਖਾਣ-ਪੀਣ ਦੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਹਰ ਦੁਕਾਨਦਾਰ ਜਾਂ ਰੇਹੜੀ-ਫੜ੍ਹੀ ਵਾਲੇ ਲਈ ਵੀ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲੋਂ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਉਣਾ ਲਾਜ਼ਮੀ ਹੈ, ਜਿਸ ਵਾਸਤੇ ਸਿਹਤ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਨਹੀਂ। ਵਿਭਾਗ ਦੀ ਵੈਬਸਾਈਟ www.foscos.fssai.gov.in ’ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਫ਼ੂਡ ਲਾਇਸੰਸ ਬਣਵਾਇਆ ਜਾ ਸਕਦਾ ਹੈ ਜਿਸ ਵਾਸਤੇ ਸਿਰਫ਼ ਸਰਕਾਰੀ ਫ਼ੀਸ ਲਈ ਜਾਂਦੀ ਹੈ। ਉਨ੍ਹਾਂ ਕਿਹਾ, ‘ਵੇਖਣ ਵਿਚ ਆਇਆ ਹੈ ਕਿ ਕੁਝ ਲੋਕ ਫ਼ੂਡ ਸੇਫ਼ਟੀ ਲਾਇੰਸਸ ਬਣਵਾਉਣ ਲਈ ਉਨ੍ਹਾਂ ਦੇ ਦਫ਼ਤਰ ਆਉਂਦੇ ਹਨ ਜਦਕਿ ਇਹ ਕੰਮ ਆਨਲਾਈਨ ਹੀ ਹੁੰਦਾ ਹੈ। ਇਸ ਸਬੰਧ ਵਿਚ ਜਾਣਕਾਰੀ ਲਈ ਮੇਰੇ ਨਾਲ ਫ਼ੋਨ ਨੰਬਰ 98766 43047 ’ਤੇ ਸੰਪਰਕ ਕੀਤਾ ਜਾ ਸਕਦਾ ਹੈ।’ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਜਾਗਰੂਕ ਹੋਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਖ਼ਰੀਦ ਸਮੇਂ ਮਿਆਰ ਅਤੇ ਸ਼ੁੱਧਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..