ਦਰਿਆਵਾਂ ਦੇ ਰੁਖ਼ ਬਦਲ ਸਕਦਾ ਹੈ ਮੀਡੀਆ: ਕੁਲਦੀਪ ਸਿੰਘ ਧਾਲੀਵਾਲ
1 min readਮੰਡੀ ਗੋਬਿੰਦਗੜ੍ਹ, 07 ਮਈ, 2022: ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਤੀਜੀ ਸੂਬਾਈ ਕਾਨਫ਼ਰੰਸ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਪਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ, ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੀਡੀਆ ਵਿਚ ਐਨੀ ਤਾਕਤ ਹੈ ਕਿ ਉਹ ਦਰਿਆਵਾਂ ਦੇ ਰੁਖ ਬਦਲ ਸਕਦਾ ਹੈ। ਅੱਜ ਉਹ ਉਹਨਾਂ ਲੋਕਾਂ ਵਿਚ ਆਏ ਹਨ, ਜਿਨ੍ਹਾਂ ਲੋਕਾਂ ਨੇ ਸਮਾਜ ਨੂੰ ਸਹੀ ਰਾਹ ਦਸਣਾ ਹੁੰਦਾ ਹੈ। ਪੱਤਰਕਾਰ ਸਰਕਾਰਾਂ ਤੇ ਲੋਕਾਂ ਵਿਚਾਲੇ ਪੁਲਾਂ ਦਾ ਕੰਮ ਕਰਦੇ ਹਨ। ਲੋਕਾਂ ਦੇ ਮੁੱਦੇ ਉਭਾਰਨੇ ਮੀਡੀਆ ਦੀ ਵੱਡੀ ਜ਼ਿੰਮੇਵਾਰੀ ਹੈ।
ਕੈਬਨਿਟ ਮੰਤਰ ਧਾਲੀਵਾਲ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਮੰਗਾਂ ਲੈ ਕੇ ਆਵੇ। ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾ ਕੇ ਮੀਡੀਆ ਕਰਮੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਉੱਤੇ ਹੱਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮੀਡੀਆ ਦੇ ਸਹਿਯੋਗ ਦੀ ਲੋੜ ਹੈ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ।
ਧਾਲੀਵਾਲ ਨੇ ਕਿਹਾ ਕਿ ਜਦੋਂ ਵੀ ਸਰਕਾਰ ਦੇ ਨੁਮਾਇੰਦੇ ਕਿਸੇ ਵੀ ਵਰਗ ਕੋਲ ਜਾਂਦੇ ਹਨ ਤਾਂ ਉਹ ਵਰਗ ਆਪਣੀਆਂ ਮੁਸ਼ਕਲਾਂ ਉਭਾਰਦਾ ਹੈ ਤੇ ਮੁਸ਼ਕਲਾਂ ਉਭਾਰਨੀਆਂ ਵੀ ਚਾਹੀਦੀਆਂ ਹਨ ਪਰ ਹਰ ਖੇਤਰ ਦੇ ਵਿਅਕਤੀ ਨੇ ਆਪਣੇ ਅਦਾਰੇ ਦੀ ਡਿਊਟੀ ਦੇ ਨਾਲ-ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ। ਪੰਜਾਬ ਦੇ ਅੱਗੇ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹਨ ਤੇ ਉਹਨਾਂ ਪ੍ਰਤੀ ਜਾਗਰੂਕ ਹੋਣਾ ਤੇ ਉਹਨਾਂ ਸਬੰਧੀ ਆਵਾਜ਼ ਬੁਲੰਦ ਕਰਨੀ ਸਾਂਝਾ ਫਰਜ਼ ਹੈ।
ਧਾਲੀਵਾਲ ਨੇ ਕਿਹਾ ਕਿ ਕਿਤੇ ਨਾ ਕਿਤੇ ਕਈ ਵਾਰ ਕੁਝ ਮੀਡੀਆ ਕਰਨੀ ਅਪਣੀ ਡਿਊਟੀ ਕਰਨ ਤੋਂ ਕੰਨੀ ਕਤਰਾ ਜਾਂਦੇ ਹਨ। ਉਹਨਾਂ ਦੱਸਿਆ ਕਿ ਕੱਲ੍ਹ ਉਹਨਾਂ ਕੋਲ ਇੱਕ ਬੰਦਾ ਕਪੂਰਥਲੇ ਤੋਂ, ਜੋ ਕਿ ਪਰਵਾਸੀ ਪੰਜਾਬੀ ਹੈ, ਆਇਆ ਤੇ ਉਸ ਨੇ ਦੱਸਿਆ ਕੇ ਉਸ ਦੀ ਜ਼ਮੀਨ ਇਕ ਸਾਬਕਾ ਉੱਚ ਅਧਿਕਾਰੀ ਨੇ ਆਪਣੇ ਰਿਸ਼ਤੇਦਾਰ ਦੇ ਨਾਮ ਲਗਵਾ ਦਿੱਤੀ ਤੇ ਕਿਸੇ ਪੱਤਰਕਾਰ ਨੇ ਵੀ ਖ਼ਬਰ ਨਹੀਂ ਲਈ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਉਹਨਾਂ ਨੂੰ ਦਸਿਆ ਕਿ ਮੋਹਾਲੀ ਵਿਚ ਉਸਦੀ ਜ਼ਮੀਨ ਕਿਸੇ ਨੇ ਆਪਣੇ ਨਾਮ ਲਗਵਾ ਲਈ। ਪੀੜਤ ਨੇ ਦੱਸਿਆ ਕਿ ਕਿਸੇ ਨੇ ਵੀ ਇਸ ਬਾਬਤ ਖ਼ਬਰ ਨਹੀਂ ਲਾਈ। ਧਾਲੀਵਾਲ ਨੇ ਕਿਹਾ ਕਿ ਇਹ ਸੁਣ ਕੇ ਉਹਨਾਂ ਨੂੰ ਅਫ਼ਸੋਸ ਹੋਇਆ। ਉਹਨਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।
ਉਹਨਾਂ ਕਿਹਾ ਕਿ ਸਾਡੀ ਡਿਊਟੀ ਹੈ ਪੰਜਾਬ ਨੂੰ ਬਚਾਉਣਾ, ਜੇ ਪੰਜਾਬ ਬਚੇਗਾ ਤਾਂ ਹੀ ਪੰਜਾਬ ਦਾ ਮੀਡੀਆ ਬਚੇਗਾ। ਇਸ ਲਈ ਮੀਡੀਆ ਅਪਣੀ ਜ਼ਿੰਮੇਵਾਰੀ ਸਾਂਭੇ ਤੇ ਨਿੱਠ ਕੇ ਕੰਮ ਕਰੇ। ਸਰਕਾਰ ਮੀਡੀਆ ਕਰਮੀਆਂ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕੁਝ ਅਯੋਗ ਵਿਅਕਤੀਆਂ ਦੇ ਮੀਡੀਆ ਲਾਈਨ ਵਿੱਚ ਆਉਣ ਕਰ ਕੇ ਮੀਡੀਆ ਦਾ ਮਿਆਰ ਵੀ ਥੱਲੇ ਆਇਆ ਹੈ। ਉਹਨਾਂ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਲੋੜਵੰਦਾਂ ਦੀ ਆਵਾਜ਼ ਬਣਨ, ਸਗੋਂ ਸਰਕਾਰ ਦਾ ਵੀ ਮਾਰਗਦਰਸ਼ਨ ਕਰਨ।
ਧਾਲੀਵਾਲ ਨੇ ਕਿਹਾ ਕਿ ਕੋਵਿਡ ਵਿੱਚ ਆਰ.ਐਮ.ਪੀਜ਼ ਨੇ ਦਿਨ ਰਾਤ ਇੱਕ ਕੇ ਕੰਮ ਕੀਤਾ ਤੇ ਇਸੇ ਤਰ੍ਹਾਂ ਲੋਕਲ ਮੀਡੀਆ ਨੇ ਵੀ ਜ਼ਮੀਨੀ ਪੱਧਰ ਉੱਤੇ ਨਿੱਠ ਕੇ ਕੰਮ ਕੀਤਾ। ਉਹ ਬਹੁਤ ਹੀ ਮੁਸ਼ਕਲਾਂ ਵਾਲਾ ਸਮਾਂ ਸੀ ਤੇ ਮੀਡੀਆ ਨੇ ਸ਼ਲਾਗਾਯੋਗ ਕੰਮ ਕੀਤਾ।
ਪੰਜਾਬ ਦੇ ਬਕਾਇਆ ਮਸਲੇ ਹੱਲ ਕਰਨ ਲਈ ਵੀ ਮੀਡੀਆ ਅੱਗੇ ਹੋ ਕੇ ਕੰਮ ਕਰੇ। ਸਾਰੀਆਂ ਕਮੀਆਂ ਉਜਾਗਰ ਕੀਤੀਆਂ ਜਾਣ। ਮੀਡੀਆ ਸਰਕਾਰ ਦੇ ਅੱਖ ਤੇ ਕੰਨ ਦਾ ਕੰਮ ਕਰੇ। ਪਿਛਲੀਆਂ ਸਰਕਾਰਾਂ ਕਾਰਨ ਪੰਜਾਬ ਦੀ ਸਥਿਤੀ ਮਾੜੀ ਹੋਈ ਹੈ, ਮੀਡੀਆ ਇਸ ਨੂੰ ਠੀਕ ਕਰਨ ਲਈ ਯੋਗਦਾਨ ਪਾਵੇ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟ ਕੀਤੀ ਕਿ ਇਹ ਕਾਨਫ਼ਰੰਸ ਛੋਟੇ ਸ਼ਹਿਰ ਵਿਚ ਰੱਖੀ ਗਈ ਹੈ। ਉਹਨਾਂ ਕਿਹਾ ਕਿ ਅਕਸਰ ਅਜਿਹੀਆਂ ਕਾਨਫਰੰਸਾਂ ਵੱਡੇ ਸ਼ਹਿਰਾਂ ਤੱਕ ਸੀਮਤ ਰਹਿ ਜਾਂਦੀਆਂ ਹਨ ਪਰ ਅੱਜ ਇਕ ਨਵੀਂ ਲੀਹ ਪਈ ਗਈ ਹੈ। ਇਸ ਕਾਨਫਰੰਸ ਵਿੱਚ ਛੋਟੇ ਸ਼ਹਿਰਾਂ ਦੇ ਪੱਤਰਕਾਰਾਂ ਖ਼ਾਸਕਰ ਵਰਨੈਕੂਲਰ ਪੱਤਰਕਾਰਾਂ ਤੇ ਵੱਡੇ ਸ਼ਹਿਰਾਂ ਦੇ ਪਤਰਕਾਰਾਂ ਵਿਚਲੀ ਵਿੱਥ ਦੂਰ ਹੋਈ ਹੈ ਅਤੇ ਮੁਸ਼ਕਲਾਂ ਸਾਂਝੀਆਂ ਕੀਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਮੀਡੀਆ ਜਮਹੂਰੀਅਤ ਦਾ ਚੌਥਾ ਥੰਮ ਹੈ। ਉਹਨਾਂ ਭਰੋਸਾ ਜਤਾਇਆ ਕਿ ਉਹ ਮੀਡੀਆ ਕਰਮੀਆਂ ਦੀ ਹੱਕੀ ਮੰਗਾਂ ਲਈ ਮੀਡੀਆ ਦੇ ਨਾਲ ਹਨ।
ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਗੁਰਿੰਦਰ ਸਿੰਘ ਗੈਰੀ
ਬੜਿੰਗ, ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰਜ਼ੋਰਾ ਸਿੰਘ, ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀਨਿਵਾਸਨ ਰੈਡੀ, ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ, ਸੀਨੀਅਰ ਪਤਰਕਾਰ ਐਸ. ਐਨ. ਸਿਨਹਾ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਚੇਅਰਮੈਨ ਬਲਬੀਰ ਸਿੰਘ ਜੰਡੂ, ਐਸ. ਡੀ. ਐਮ. ਜੀਵਨਜੋਤ ਕੌਰ, ਮੀਤ ਪ੍ਰਧਾਨ ਭੂਸ਼ਨ ਸੂਦ, ਜ਼ਿਲ੍ਹਾ ਪ੍ਰਧਾਨ ਆਪ ਅਜੈ ਸਿੰਘ ਲਿਬੜਾ, ਲੋਕ ਸਭਾ ਇੰਚਾਰਜ ਨਵਜੋਤ ਸਿੰਘ ਜਰਗ, ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੂਬੇ ਭਰ ਵਿੱਚੋਂ ਆਏ ਮੀਡੀਆ ਕਰਮੀ, ਸਥਾਨਕ ਲੋਕ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।