ਹਲਕਾ ਮੋਹਾਲੀ ਦੀ ਚੰਗੀ ਕਿਸਮਤ ਹੈ ਕਿ ‘ਆਪ’ ਨੇ ਇਮਾਨਦਾਰ ਵਿਅਕਤੀ ਕੁਲਵੰਤ ਸਿੰਘ ਨੂੰ ਬਣਾਇਆ ਉਮੀਦਵਾਰ : ਛੱਜਾ ਸਿੰਘ ਕੁਰਡ਼ੀ
1 min readਮੋਹਾਲੀ, 10 ਫ਼ਰਵਰੀ, 2022: ਪੰਜਾਬ ਵਿਧਾਨ ਸਭਾ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਅਤੇ ਇਹ ਹਲਕਾ ਮੋਹਾਲੀ ਦੀ ਚੰਗੀ ਕਿਸਮਤ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਨੇਕ ਅਤੇ ਇਮਾਨਦਾਰ ਵਿਅਕਤੀ ਕੁਲਵੰਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਹਲਕਾ ਮੋਹਾਲੀ ਵਿੱਚ ਝੁੱਲ ਰਹੀ ‘ਆਪ’ ਦੀ ਹਨ੍ਹੇਰੀ ਇਸ ਗੱਲ ਦਾ ਹੁੰਗਾਰਾ ਭਰਦੀ ਹੈ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਰੂਪੀ ਕੋਹਡ਼ ਨੂੰ ਜਡ਼੍ਹੋਂ ਖ਼ਤਮ ਕਰਨ ਲਈ ਇਨ੍ਹਾਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦਾ ਸਫ਼ਾਇਆ ਕਰਨ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਹਲਕਾ ਮੋਹਾਲੀ ਦਾ ਵੀ ਯੋਗਦਾਨ ਪਾਇਆ ਜਾਵੇਗਾ। ਇਸ ਲਈ ਵੋਟਾਂ ਵਾਲੇ ਦਿਨ ਵੋਟਿੰਗ ਮਸ਼ੀਨ ਉੱਤੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾਡ਼ੂ’ ਵਾਲਾ ਬਟਨ ਦੱਬਣਾ ਜ਼ਰੂਰੀ ਹੋ ਗਿਆ ਹੈ।
ਉਮੀਦਵਾਰ ਕੁਲਵੰਤ ਸਿੰਘ ਨੇ ਹਲਕਾ ਮੋਹਾਲੀ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਣ ਜਿੱਤਣ ਉਪਰੰਤ ਹਲਕਾ ਮੋਹਾਲੀ ਵਿੱਚ ਹਰ ਵਰਗ ਦੀ ਜ਼ਰੂਰਤ ਮੁਤਾਬਕ ਕੰਮ ਕੀਤੇ ਜਾਣਗੇ। ਮੀਟਿੰਗ ਵਿੱਚ ਮੌਜੂਦਾ ਲੋਕਾਂ ਨੇ ਉਮੀਦਵਾਰ ਕੁਲਵੰਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਚੋਣ ਜਿਤਾਈ ਜਾਵੇਗੀ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਛੱਜਾ ਸਿੰਘ ਸਰਪੰਚ ਕੁਰਡ਼ੀ ਨੇ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਪ੍ਰਚਾਰ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿੱਚ ਪਿਛਲੇ ਪੰਜ ਸਾਲਾਂ ਤੋਂ ਚਲਦੀ ਆ ਰਹੀ ਭੈਡ਼ੀ ਹਵਾ ਨੂੰ ਸੁਧਾਰਨ ਦਾ ਸਮਾਂ ਆ ਗਿਆ ਹੈ ਅਤੇ ਹਲਕਾ ਮੋਹਾਲੀ ਵਿੱਚ ਵੀ ‘ਝਾਡ਼ੂ’ ਚੱਲੇਗਾ। ਮੌਜੂਦਾ ਕਾਂਗਰਸੀ ਵਿਧਾਇਕ ਅਤੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਉਤੇ ਵਰ੍ਹਦਿਆਂ ਛੱਜਾ ਸਿੰਘ ਕੁਰਡ਼ੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਸਿੱਧੂ ਦੀ ਨਜ਼ਰ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਦੱਬਣ ਉਤੇ ਹੀ ਲੱਗੀ ਰਹੀ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਆਪਣੇ ਰਾਜਨੀਤਕ ਦਬਾਅ ਹੇਠ ਸ਼ਾਮਲਾਤ ਜ਼ਮੀਨਾਂ ਦੇ ਮਤੇ ਪੁਆ-ਪੁਆ ਕੇ ਟੇਢੇ-ਮੇਢੇ ਢੰਗ ਨਾਲ ਦੱਬਣ ਦੀਆਂ ਖ਼ਬਰਾਂ ਵੀ ਕੋਈ ਲੁਕੀਆਂ ਨਹੀਂ ਬਲਕਿ ਮੀਡੀਆ ਵਿੱਚ ਨਸ਼ਰ ਹੁੰਦੀਆਂ ਰਹੀਆਂ ਹਨ। ਜਿਹਡ਼ੇ ਪਿੰਡ ਦਾ ਸਰਪੰਚ ਸਿੱਧੂ ਦੇ ਕਹਿਣ ਉਤੇ ਮਤਾ ਨਹੀਂ ਪਾਉਂਦਾ ਸੀ, ਉਸ ਨੂੰ ਝੂਠੇ ਕੇਸਾਂ ਵਿੱਚ ਉਲਝਾ ਦਿੰਦਾ ਰਿਹਾ ਹੈ।
ਮੀਟਿੰਗ ਵਿੱਚ ਸਰਪੰਚ ਅਵਤਾਰ ਸਿੰਘ ਮਨੌਲੀ ਨੇ ਕਿਹਾ ਜਿਹਡ਼ੇ ਭ੍ਰਿਸ਼ਟਾਚਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਖ਼ੁਦ ਉਸ ਦੀ ਹੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਕੱਢ ਦਿੱਤਾ ਹੋਵੇ ਤਾਂ ਅਜਿਹੇ ਉਮੀਦਵਾਰ ਨੂੰ ਵੋਟਾਂ ਪਾਉਣ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਮੌਲੀ ਨੇ ਹਲਕਾ ਮੋਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫ਼ਰਵਰੀ ਨੂੰ ਹਰ ਇੱਕ ਵੋਟ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾਡ਼ੂ’ ਨੂੰ ਭੁਗਤਣੀ ਚਾਹੀਦੀ ਹੈ ਅਤੇ ਕਾਂਗਰਸ ਪਾਰਟੀ ਦੇ ਪੰਜੇ ਨੂੰ ਬੁਰੀ ਤਰ੍ਹਾਂ ਹਰਾਉਣਾ ਹੈ। ਆਮ ਆਦਮੀ ਪਾਰਟੀ ਦੇ ਨੇਕ ਅਤੇ ਇਮਾਨਦਾਰ ਉਮੀਦਵਾਰ ਕੁਲਵੰਤ ਸਿੰਘ ਨੂੰ ਜਿਤਾਉਣ ਵਿੱਚ ਹਲਕਾ ਮੋਹਾਲੀ ਦੀ ਭਲਾਈ ਹੈ ਤਾਂ ਜੋ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ।
ਚੋਣ ਮੀਟਿੰਗਾਂ ਵਿੱਚ ਸਾਬਕਾ ਸਰਪੰਚ ਕੁਲਦੀਪ ਸਿੰਘ, ਸੋਨੂੰ ਖਾਨ, ਵਿੱਕੀ, ਸਤਵਿੰਦਰ ਸਿੰਘ ਮਿੱਠੂ, ਕੇਸਰ ਸਿੰਘ ਨਾਨੂਮਾਜਰਾ, ਅਜਾਇਬ ਸਿੰਘ ਚਿੱਲਾ, ਮੇਵਾ ਸਿੰਘ ਸਰਪੰਚ, ਸੁਰਿੰਦਰ ਸਿੰਘ ਕੁੰਭਡ਼ਾ, ਕਰਮਜੀਤ ਸਿੰਘ ਨੰਬਰਦਾਰ ਆਦਿ ਵੀ ਹਾਜ਼ਰ ਸਨ।