ਪੰਜਾਬ ਸਰਕਾਰ ਦੁਆਰਾ ਫੰਡਾਂ ਤੇ ਰੋਕ ਲਗਾਏ ਜਾਣ ਦੀ ਹਰਕੇਸ਼ ਚੰਦ ਸ਼ਰਮਾਂ ਮੱਛਲੀ ਨੇ ਕੀਤੀ ਨਿਖੇਧੀ

ਖਰੜ, 24 ਮਾਰਚ, 2022: ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੁਆਰਾ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੇ ਗਏ ਕਰੋੜਾਂ ਰੁਪਏ ਦੇ ਫੰਡਾਂ ਉਤੇ ਮੌਜੂਦਾ “ਆਪ” ਸਰਕਾਰ ਦੁਆਰਾ ਰੋਕ ਲਗਾਏ ਜਾਣ ਦੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੋਕ ਵਿਰੋਧੀ ਫੈਸਲਾ ਕਰਾਰ ਦਿੱਤਾ ਹੈ।
ਅੱਜ ਇਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੱਛਲੀ ਕਲਾਂ ਨੇ ਕਿਹਾ ਕਿ ਬੀਤੇ ਦਿਨ ਪੇਂਡੂ ਵਿਕਾਸ ਵਿਭਾਗ ਨੇ ਇਕ ਪੱਤਰ ਜਾਰੀ ਕਰਕੇ ਸੂਬੇ ਦੇ ਪਿੰਡਾਂ ਅੰਦਰ ਵਿਕਾਸ ਕਾਰਜਾਂ ਅਤੇ ਬੁਨਿਆਦੀ ਸਹੂਲਤਾਂ ਲਈ ਪਿਛਲੀ ਕਾਂਗਰਸ ਸਰਕਾਰ ਦੁਆਰਾ ਜਾਰੀ ਕੀਤੇ ਗਏ ਫੰਡਾਂ ਉਤੇ ਰੋਕ ਲਾਉਣ ਦਾ ਨਾਦਰਸ਼ਾਹੀ ਹੁਕਮ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨੇ ਹੁਣ ਸਰਕਾਰ ਬਣਨ ਤੋਂ ਹਫਤਾ ਕੁ ਬਾਅਦ ਹੀ ਆਪਣਾ ਲੋਕ ਵਿਰੋਧੀ ਤੇ ਵਿਕਾਸ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਲਿਆ ਦਿੱਤਾ ਹੈ। ਚੋਣਾਂ ਸਮੇਂ ਜਿਹੜੇ ਆਪ ਪਾਰਟੀ ਦੇ ਆਗੂ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਘਾਟ ਨਾ ਰਹਿਣ ਦੇਣ ਦੇ ਦਾਅਵੇ ਕਰ ਰਹੇ ਸਨ ਹੁਣ ਪਿਛਲੀ ਸਰਕਾਰ ਦੁਆਰਾ ਜਾਰੀ ਫੰਡਾਂ ਉਤੇ ਰੋਕ ਲਗਾਕੇ ਲੋਕਾਂ ਦੀ ਕੀ ਭਲਾ ਕਰਨਾ ਚਾਹੁੰਦੇ ਹਨ।
ਰਾਜ ਸਭਾ ਮੈਂਬਰਾਂ ਦੀ ਚੋਣ ਸਮੇਂ ਵੀ ਕੇਜਰੀਵਾਲ ਐਂਡ ਪਾਰਟੀ ਨੇ ਪੰਜਾਬ ਤੋਂ ਬਾਹਰਲੇ ਵਿਅਕਤੀਆਂ ਨੂੰ ਸੰਸਦ ਦੇ ਉੱਚ ਸਦਨ ਵਿਚ ਭੇਜ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਧਰੋਹ ਕਮਾਇਆ ਸੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਬਦਲਾਖੋਰੀ ਦੀ ਭਾਵਨਾ ਤਿਆਗ ਕੇ ਪਿਛਲੀ ਕਾਂਗਰਸ ਸਰਕਾਰ ਦੁਆਰਾ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੇ ਫੰਡਾਂ ਦੀ ਵਰਤੋਂ `ਤੇ ਲਗਾਈ ਰੋਕ ਤੁਰੰਤ ਹਟਾ ਕੇ ਪਿੰਡਾਂ ਵਿਚ ਚਲਦੇ ਵਿਕਾਸ ਕੰਮਾਂ ਨੂੰ ਨਿਰੰਤਰ ਜਾਰੀ ਰੱਖਣ।