ਜਨਰਲ ਵਰਗ ਲਈ ਬਣਾਏ ਗਏ ਕਮਿਸ਼ਨ ਦੇ ਚੇਅਰਪਰਸਨ ਦੀ ਨਿਯੁਕਤੀ ਕੀਤੀ ਜਾਵੇ : ਸ਼ਿਆਮ ਲਾਲ ਸ਼ਰਮਾਂ
1 min readਮੋਹਾਲੀ, 18 ਮਾਰਚ, 2022: ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾਂ ਨੇ ਦੱਸਿਆ ਕਿ ਜਨਰਲ ਵਰਗ ਦੀ ਭਲਾਈ ਲਈ ਸਟੇਟ ਕਮਿਸ਼ਨ ਪਹਿਲਾਂ ਹੀ ਨਿਯੁਕਤ ਕੀਤਾ ਜਾ ਚੁੱਕਾ ਹੈ ਪਰੰਤੂ ਵਿਧਾਨ ਸਭਾ ਚੋਣਾਂ ਸਮੇਂ ਕਮਿਸ਼ਨ ਦੇ ਚੇਅਰਪਰਸਨ ਨੇ ਚੋਣ ਲੜਨ ਲਈ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸ਼ਰਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਚੇਅਰਪਰਸਨ ਦੀ ਨਿਯੁਕਤੀ ਤੁਰੰਤ ਕੀਤੀ ਜਾਵੇ ਤਾਂ ਜੋ ਜਨਰਲ ਵਰਗ ਆਪਣੇ ਦੁੱਖ-ਤਕਲੀਫ ਚੇਅਰਪਰਸਨ ਦੇ ਸਾਹਮਣੇ ਪੇਸ਼ ਕਰ ਸਕਣ।
ਲੰਮੇ ਸਮੇਂ ਤੋਂ ਜਨਰਲ ਵਰਗ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਨਵੀਂ ਸਰਕਾਰ ਨੂੰ ਅਪੀਲ ਹੈ ਕਿ ਜਨਰਲ ਵਰਗ ਨਾਲ ਭਵਿੱਖ ਵਿੱਚ ਕੋਈ ਵਿਤਕਰਾ ਨਾਂ ਕੀਤਾ ਜਾਵੇ ਕਿਉਂਕਿ ਪਹਿਲੀ ਵਾਰੀ ਪੰਜਾਬੀਆਂ ਨੇ ਜਾਤ-ਪਾਤ ਤੋਂ ਉੱਪਰ ਉਠ ਕੇ ਤਬਦੀਲੀ ਲਈ ਵੋਟ ਪਾਈ ਹੈ। ਲੋਕਾਂ ਦੇ ਫੈਂਸਲੇ ਦੀ ਕਦਰ ਕਰਦੇ ਹੋਏ ਪੰਜਾਬ ਵਿਚ ਕੰਮ , ਮੈਰਿਟ ਦੇ ਅਧਾਰ ਤੇ ਕੀਤੇ ਜਾਣ। ਜਾਤ-ਅਧਾਰਤ ਸਕੀਮਾਂ ਖਤਮ ਕਰਦੇ ਹੋਏ ਸਾਰੇ ਲਾਭ ਆਰਥਿਕ ਅਧਾਰ ਤੇ ਸਾਰੇ ਗਰੀਬਾਂ ਨੂੰ ਦਿੱਤੇ ਜਾਣ। ਨਵੀਂ ਸਰਕਾਰ ਤੋਂ ਪੰਜਾਬੀਆਂ ਨੂੰ ਬਹੁਤ ਆਸ ਹੈ, ਇਸ ਲਈ ਕੇਵਲ ਤੇ ਕੇਵਲ ਪੰਜਾਬ ਦੀ ਬੇਹਤਰੀ ਲਈ ਕੰਮ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਦੇ ਨੌਜਵਾਂਨਾ ਨੂੰ ਮਜਬੂਰੀ ਵਿਚ ਰੋਜਗਾਰ ਪ੍ਰਾਪਤ ਕਰਨ ਲਈ ਵਿਦੇਸ਼ਾਂ ਵਿਚ ਨਾਂ ਜਾਣਾ ਪਵੇ। ਬੱਚਿਆਂ ਦੇ ਜਾਣ ਕਰਕੇ ਬਜ਼ੁਰਗਾਂ ਦਾ ਬੁਢਾਪਾ ਰੁੱਲ ਰਿਹਾ ਹੈ ਅਤੇ ਪੰਜਾਬ ਦਾ ਸਰਮਾਇਆ ਬਾਹਰ ਜਾ ਰਿਹਾ ਹੈ, ਜਿਸ ਨੂੰ ਰੋਕਿਆਂ ਜਾਵੇ।