July 27, 2024

Chandigarh Headline

True-stories

ਜੌੜਾਮਾਜਰਾ ਨੇ ਅੱਠ ਨੌਜਵਾਨਾਂ ਨੂੰ ਪੈਰਾਮੈਡੀਕਲ ਸਟਾਫ ਦੇ ਨਿਯੁਕਤੀ ਪੱਤਰ ਸੌਂਪੇ

1 min read

ਚੰਡੀਗੜ੍ਹ, 21 ਅਕਤੂਬਰ, 2022: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਵਿੱਚ ਪੈਰਾਮੈਡੀਕਲ ਸਟਾਫ ਅਧੀਨ ਅੱਠ ਨੌਜਵਾਨਾਂ ਨੂੰ ਨਿਯੁਕਤ ਪੱਤਰ ਦਿੱਤੇ ਗਏ। ਨਿਯੁਕਤੀ ਪੱਤਰ ਸੌਂਪਣ ਮਗਰੋਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ ਰਹੇਗੀ ਤਾਂ ਜੋ ਸੂਬੇ ਦੇ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਚੰਗੇਰੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਜੌੜਾ ਮਾਜਰਾ ਨੇ ਦੱਸਿਆ ਕਿ ਮਈ 2022 ਤੋਂ ਹੁਣ ਤੱਕ 880 ਸਟਾਫ ਨਰਸਾਂ ਅਤੇ 87 ਪੈਰਾ ਮੈਡੀਕਲ ਸਟਾਫ ਸਮੇਤ ਕੁੱਲ 967 ਅਸਾਮੀਆਂ ਵਿਰੁੱਧ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮੁੱਚੀਆਂ ਨਿਯੁਕਤੀਆਂ ਲਿਖਤੀ ਪ੍ਰੀਖਿਆ ਲੈਣ ਉਪਰੰਤ ਮੈਰਿਟ ਦੇ ਆਧਾਰ ‘ਤੇ ਪਾਰਦਰਸ਼ੀ ਢੰਗ ਅਪਣਾ ਕੇ ਕੀਤੀਆਂ ਗਈਆਂ ਹਨ।

ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਕੌਂਸਲ ਆਫ਼ ਹੋਮੋਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦੇ ਪੋਰਟਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਨਾਲ ਲੋਕਾਂ ਨੂੰ ਆਨਲਾਈਨ ਸੇਵਾਵਾਂ ਉਪਲਬੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਆਨਲਾਈਨ ਪੋਰਟਲ ਸ਼ੁਰੂ ਕਰਨ ਨਾਲ ਸੂਬੇ ਵਿੱਚ ਰਜਿਸਟਰਡ ਹੋਮਿਉਪੈਥਿਕ ਡਾਕਟਰਾਂ ਅਤੇ ਨਵੇਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਆਰਜ਼ੀ ਰਜਿਸਟ੍ਰੇਸ਼ਨ, ਸਥਾਈ ਰਜਿਸਟ੍ਰੇਸ਼ਨ, ਨਵਿਆਉਣ ਅਤੇ ਬਹਾਲੀ
ਅਤੇ ਯੋਗਤਾ ਅਤੇ ਰਜਿਸਟ੍ਰੇਸ਼ਨ ਦੀ ਤਸਦੀਕ / ਐਨ.ਓ.ਸੀ.
ਲਾਂਚ ਕੀਤੇ ਗਏ ਹਨ। ਇਹ ਸੇਵਾਵਾਂ ਵੈਬਸਾਈਟ https://eservices.punjab.gov.in ‘ਤੇ ਉਪਲੱਬਧ ਹਨ ਅਤੇ ਨਾਗਰਿਕ ਸੇਵਾਵਾਂ ਦਾ ਲਾਭ ਲੈਣ ਲਈ ਕਿਸੇ ਵੀ ਨਜ਼ਦੀਕੀ ਸੇਵਾ ਕੇਂਦਰ ‘ਤੇ ਵੀ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਆਮ ਆਦਮੀ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਤਕਨਾਲੋਜੀ ਦੀ ਮਹੱਤਤਾ ਨੂੰ ਨਹੀਂ ਸਮਝਿਆ। ਉਨ੍ਹਾਂ ਨੇ ਆਪਣੇ ਸਾਰੇ ਸਟਾਫ ਨੂੰ ਸੇਵਾ ਪ੍ਰਦਾਨ ਕਰਨ ਦੀ ਬਿਹਤਰੀ ਅਤੇ ਉਤਪਾਦਕਤਾ ਵਧਾਉਣ ਲਈ ਤਕਨਾਲੋਜੀ ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਅਲਕਨੰਦਾ ਦਯਾਲ, ਡਾਇਰੈਕਟਰ ਮੈਡੀਕਲ ਸਿੱਖਿਆ ਖੋਜ ਡਾ. ਅਵਨੀਸ਼ ਕੁਮਾਰ, ਚੇਅਰਮੈਨ ਹੋਮੋਪੈਥਿਕ ਕੌਂਸਲ ਡਾ. ਤੇਜਿੰਦਰ ਪਾਲ ਸਿੰਘ, ਸੰਯੁਕਤ ਡਾਇਰੈਕਟਰ ਡਾ. ਅਕਾਸ਼ਦੀਪ ਅਗਰਵਾਲ, ਸੰਯੁਕਤ ਡਾਇਰੈਕਟਰ ਡੈਂਟਲ ਡਾ. ਪੁਨੀਤ ਗਿਰਧਰ, ਡਿਪਟੀ ਡਾਇਰੈਕਟਰ ਜਨਰਲ ਐਨ.ਆਈ.ਸੀ. ਵਿਵੇਕ ਵਰਮਾ ਅਤੇ ਰਜਿਸਟਰਾਰ ਆਯੂਰਵੇਦਾ ਬੋਰਡ ਡਾ. ਸੰਜੀਵ ਗੋਇਲ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..