ਮੁੱਖ ਮੰਤਰੀ ਵਲੋਂ ਜਰਮਨ ਦੀ ਬਹੁ-ਕੌਮੀ ਕੰਪਨੀ ਕੇ.ਐਸ.ਬੀ. ਐਸ.ਈ. ਅਤੇ ਸੀ.ਓ. ਕੇ.ਜੀ.ਏ.ਏ. ਨੂੰ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਦਾ ਸੱਦਾ
1 min readਬਰਲਿਨ (ਜਰਮਨੀ), 16 ਸਤੰਬਰ, 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਪ ਅਤੇ ਵਾਲਵ ਬਣਾਉਣ ਵਾਲੀ ਜਰਮਨ ਦੀ ਬਹੁ-ਕੌਮੀ ਕੰਪਨੀ ਕੇ.ਐਸ.ਬੀ. ਐਸ.ਈ. ਅਤੇ ਸੀ.ਓ. ਕੇ.ਜੀ.ਏ.ਏ. ਨੂੰ ਸੂਬੇ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਅੱਜ ਇੱਥੇ ਕੇ.ਐਸ.ਬੀ. ਐਸ.ਈ. ਐਂਡ ਸੀ.ਓ. ਕੇ.ਜੀ.ਏ.ਏ. ਦੇ ਵਾਈਸ ਪ੍ਰੈਜ਼ੀਡੈਂਟ (ਸੇਲਜ਼ ਮੈਨੇਜਮੈਂਟ ਵਾਟਰ) ਫਿਲਿਪ ਸਟੌਰਚ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਕੰਪਨੀ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸੀ ਸਥਿਰਤਾ, ਮਜ਼ਬੂਤ ਸੰਪਰਕ, ਉਦਾਰਵਾਦੀ ਅਤੇ ਉਦਯੋਗ ਪੱਖੀ ਨੀਤੀਆਂ ਦੇ ਨਾਲ-ਨਾਲ ਸਾਫ਼-ਸੁਥਰੇ, ਹਰਿਆ ਭਰਿਆ ਅਤੇ ਸਿਹਤਮੰਦ ਵਾਤਾਵਰਣ ਅਤੇ ਉੱਚ-ਗੁਣਵੱਤਾ ਵਾਲਾ ਜੀਵਨ ਉਦਯੋਗ ਲਈ ਮੁੱਖ ਖੂਬੀਆਂ ਹਨ। ਭਗਵੰਤ ਮਾਨ ਨੇ ਸੂਬੇ ਦੇ ਉਦਯੋਗਿਕ ਵਾਤਾਵਰਣ ਦੀ ਮਜ਼ਬੂਤੀ ਅਤੇ ਉਦਯੋਗ ਲਈ ਮੌਕਿਆਂ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ।
ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੜਕ, ਰੇਲਵੇ ਅਤੇ ਹਵਾਈ ਮਾਰਗਾਂ ਦੇ ਮਾਮਲੇ ਵਿੱਚ ਪੰਜਾਬ ਦਾ ਸੰਪਰਕ, ਕਿਰਤੀਆਂ ਦਾ ਦੋਸਤਾਨਾ ਵਿਵਹਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਉਦਯੋਗਪਤੀਆਂ ਲਈ ਲਾਹੇਵੰਦ ਹਨ। ਭਗਵੰਤ ਮਾਨ ਨੇ ਕੇ.ਐਸ.ਬੀ. ਐਸ.ਈ. ਐਂਡ ਸੀ.ਓ. ਕੇ.ਜੀ.ਏ.ਏ. ਦੇ ਸੀਨੀਅਰ ਅਧਿਕਾਰੀਆਂ ਨੂੰ 23-24 ਫਰਵਰੀ, 2023 ਨੂੰ ਹੋਣ ਵਾਲੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਦਰਸਾਇਆ ਅਤੇ ਕੰਪਨੀ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਕਿਹਾ।
ਇਸ ਦੌਰਾਨ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ, (ਸੇਲਜ਼ ਮੈਨੇਜਮੈਂਟ ਵਾਟਰ) ਫਿਲਿਪ ਸਟੌਰਚ ਨੇ ਰੈਗੂਲੇਟਰੀ ਤੇ ਵਿੱਤੀ ਸੇਵਾਵਾਂ ਅਤੇ ਕਾਰੋਬਾਰੀ ਦਰਜਾਬੰਦੀ ਲਈ ਪੰਜਾਬ ਦੀ ਸਿੰਗਲ-ਵਿੰਡੋ ਪ੍ਰਣਾਲੀ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਕੇ.ਐਸ.ਬੀ. ਐਸ.ਈ. ਐਂਡ ਸੀ.ਓ. ਕੇ.ਜੀ.ਏ.ਏ. ਪੰਪਾਂ ਅਤੇ ਵਾਲਵ ਦੀ ਜਰਮਨ ਦੀ ਬਹੁ-ਕੌਮੀ ਨਿਰਮਾਤਾ ਕੰਪਨੀ ਹੈ ਜਿਸ ਦੀ ਵਿਕਰੀ 2.3 ਬਿਲੀਅਨ ਯੂਰੋ (ਅਰਥਾਤ 1875 ਕਰੋੜ ਰੁਪਏ) ਹੈ। ਸਾਲ 1871 ਵਿੱਚ ਸਥਾਪਤ ਕੀਤੀ ਗਈ ਇਹ ਕੰਪਨੀ ਹੀਟਿੰਗ ਪੰਪ, ਵਾਟਰ ਟ੍ਰੀਟਮੈਂਟ, ਫਲੱਡ ਕੰਟਰੋਲ, ਆਟੋਮੇਸ਼ਨ ਅਤੇ ਇੰਜਨੀਅਰਿੰਗ ਸਿਸਟਮ ਦੀਆਂ ਸੇਵਾਵਾਂ ਵੀ ਮੁਹੱਈਆ ਕਰਦੀ ਹੈ।
ਇਸ ਮੌਕੇ ਇਨਵੈਸਟਮੈਂਟ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਦਿਲੀਪ ਕੁਮਾਰ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ ਅਤੇ ਹੋਰ ਵੀ ਹਾਜ਼ਰ ਸਨ।