ਝੋਨੇ ਦੇ ਬੂਟਿਆਂ ਵਿੱਚ ਮਰਨ ਦੇ ਕਾਰਨ ਨੂੰ ਲੱਭਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਝੋਨੇ ਦਾ ਨਿਰੀਖਣ
1 min readਐਸ.ਏ.ਐਸ ਨਗਰ, 1 ਅਗਸਤ, 2022: ਝੋਨੇ ਦੇ ਬੂਟਿਆਂ ਵਿੱਚ ਮਰਨ ਦੇ ਕਾਰਨ ਨੂੰ ਲੱਭਣ ਲਈ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ, ਡਾ. ਜਗਜੀਤ ਸਿੰਘ ਲੋਰੇ ਪਥੋਲੋੋਜਿਸਟ, ਡਾ. ਰਣਬੀਰ ਸਿੰਘ ਗਿੱਲ ਪਲਾਂਟਰ ਬਰੀਡਰ, ਡਾ. ਐਸ.ਐਸ. ਮਨਹਾਸ ਐਗਰੋਨੋਮਿਸਟ, ਵੱਲੋਂ ਪਿੰਡ ਮਨੌਲੀ ਸੂਰਤ ਬਲਾਕ ਖਰੜ ਵਿਖੇ ਝੋਨੇ ਦੀ ਕਿਸਮਾਂ ਪੀ.ਆਰ.-126,130, 131, 128, ਸਵਾ 127 ਅਤੇ 6129 ਦਾ ਅਧਿਐਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਰਾਜੇਸ਼ ਕੁਮਾਰ ਰਹੇਜਾ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਡਾਇਰੈਕਟਰ ਖੋਜ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਝੋਨੇ ਦੀਆਂ ਤਕਰੀਬਨ ਸਾਰੀਆਂ ਕਿਸਮਾਂ ਤੇ ਕੁਝ ਬੂਟੇ ਮੱਧਰੇ ਰਹਿ ਗਏ ਹਨ ਅਤੇ ਮਰ ਵੀ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਦੌਰੇ ਦੌਰਾਨ ਵਿਗਿਆਨੀਆਂ ਵੱਲੋਂ ਕਿਸਾਨਾਂ ਤੋਂ ਮੁਕੰਮਲ ਹਿਸਟਰੀ ਸੀਟ ਪ੍ਰਾਪਤ ਕੀਤੀ ਗਈ ਕਿ ਪਿਛਲੇ ਸਾਲਾਂ ਦੌਰਾਨ ਇਨ੍ਹਾਂ ਖੇਤਾਂ ਵਿੱਚ ਕਿਹੜੀ ਫਸਲ ਬੀਜੀ ਗਈ ਸੀ ਅਤੇ ਕਿਹੜੇ ਕਿਹੜੇ ਜਹਿਰਾਂ ਦੀ ਵਰਤੋਂ ਕੀਤੀ ਗਈ ਸੀ। ਡਾ. ਸੂਰੀ ਵੱਲੋਂ ਦੱਸਿਆ ਕਿ ਅਜਿਹੇ ਬੂਟੇ ਛੋਟੇ ਰਹਿਣ ਦੀ ਬਿਮਾਰੀ ਲਗਭਗ ਉਤਰ ਪੂਰਬੀ ਤੇ ਪੱਛਮੀ ਜਿਲ੍ਹਿਆਂ ਵਿੱਚ ਪਾਈ ਗਈ ਹੈ। ਪੱਤਿਆਂ ਦੇ ਸੈਂਪਲ ਡੀ.ਐਨ.ਏ. ਟੈਸਟਿੰਗ ਲਈ ਤਿੰਨ ਤਰ੍ਹਾ ਦਾ ਵਾਇਰਸ ਲੱਭਣ ਵਾਸਤੇ ਪ੍ਰਾਪਤ ਕੀਤੇ ਗਏ। ਇਸ ਤੋਂ ਇਲਾਵਾ ਪ੍ਰਭਾਵਿਤ ਬੂਟਿਆਂ ਅਤੇ ਤੰਦਰੁਸਤ ਬੂਟਿਆਂ ਦੇ ਸੈਂਪਲ ਵੀ ਗਾਚੀ ਸਮੇਤ ਪ੍ਰਾਪਤ ਕੀਤੇ ਗਏ। ਕੀਟ ਵਿਗਿਆਨੀ ਵੱਲੋਂ ਸਿਲਾਈ ਵਾਂਗ ਗੰਡੋਏ ਦੇ ਕੀਟ ਹਮਲੇ ਦੇ ਨੁਕਸਾਨ ਨੂੰ ਇਨਕਾਰ ਕਰ ਦਿੱਤਾ ਗਿਆ ਜਦ ਕਿ ਮੁੱਢਲੀ ਨਿਰੀਖਣ ਤੇ ਇਸ ਦੇ ਕਾਰਨ ਵਾਇਰਸ ਜਾਂ ਪੈਸਟੀਸਾਈਡ ਦੇ ਅੰਸ ਹੋਣ ਦਾ ਖਦਸ਼ਾ ਜਿਤਾਇਆ। ਉਨ੍ਹਾਂ ਦੱਸਿਆ ਕਿ ਅਸਲ ਕਾਰਨ ਇੱਕ ਹਫਤੇ ਤੱਕ ਪ੍ਰਯੋਗਸਾਲਾ ਵਿੱਚ ਜਾਂਚ ਕਰਕੇ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ।
ਜਿਸ ਤੇ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਘਬਰਾ ਕੇ ਪੌਦਿਆਂ ਦੀ ਘੱਟ ਗਰੋਥ ਅਤੇ ਫੁਟਾਰੇ ਕਾਰਨ ਕੋਈ ਵੀ ਕੀਟ ਨਾਸਕ ਜਾਂ ਫਾਫੂੰਦੀ ਨਾਸਕ ਦੀ ਸਪਰੇਅ ਨਾ ਕਰਨ ਕਿਸਾਨ ਝੋਨੇ ਤੇ ਇਸ ਸਮੇਂ ਸਿਰਫ ਅੱਧਾ ਕਿਲੋ ਜਿੰਕ ਸਲਫੇਟ 21% ਸਮੇਤ ਢਾਈ ਕਿਲੋ ਯੂਰੀਏ ਦੇ ਘੋਲ ਦਾ ਪ੍ਰਤੀ ਏਕੜ ਸਪਰੇਅ ਕਰਨ ਜਿਸ ਨਾਲ ਝੋਨੇ ਦੀ ਫਸਲ ਚੱਲ ਪਵੇਗੀ। ਉਨ੍ਹਾਂ ਨੇ ਡੀਲਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਸਪਰੇਆਂ ਆਦਿ ਦੇਣ ਤੋਂ ਗੁਰੇਜ ਕੀਤਾ ਜਾਵੇ।