April 20, 2024

Chandigarh Headline

True-stories

ਪਿਆਜ਼ ਦੀ ਖੇਤੀ ਨਾਲ ਚੰਗਾ ਮੁਨਾਫਾ ਕਮਾ ਰਿਹਾ ਕਿਸਾਨ ਗੁਰਪ੍ਰੀਤ ਸਿੰਘ

ਫਤਹਿਗੜ੍ਹ ਸਾਹਿਬ, 18 ਅਪ੍ਰੈਲ, 2022: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕੁੱਝ ਰਕਬਾ ਰਵਾਇਤੀ ਫਸਲਾਂ ਹੇਠੋਂ ਕੱਢ ਕੇ ਸਬਜੀਆਂ, ਫਲਾਂ ਅਤੇ ਫੁੱਲਾਂ ਦੀ ਖੇਤੀ ਕੀਤੀ ਜਾਵੇ ਕਿਉਂਕਿ ਇਹਨਾਂ ਲਈ ਪੰਜਾਬ ਦੀ ਜਲਵਾਯੂ ਬਹੁਤ ਅਨੁਕੂਲ ਹੈ। ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਬੀੜ (ਬਲਾਕ ਖੇੜਾ) ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਨੂੰ ਅਪਣਾਇਆ ਅਤੇ ਉਹ ਅੱਜ ਖੇਤੀ ਵਿੱਚੋਂ ਚੰਗਾ ਮੁਨਾਫਾ ਕਮਾ ਰਿਹਾ ਹੈ।

ਗੁਰਪ੍ਰੀਤ ਸਿੰਘ ਨੇ ਸਾਲ 2010 ਵਿੱਚ 01 ਏਕੜ ਰਕਬੇ ਵਿੱਚ ਪਿਆਜ਼ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਵਿੱਚੋਂ ਉਸ ਨੂੰ ਭਰਪੂਰ ਮੁਨਾਫਾ ਹੋਇਆ। ਫਿਰ ਸਹਿਜੇ ਸਹਿਜੇ ਪਿਆਜ ਅਧੀਨ ਰਕਬਾ ਵਧਾਉਂਦਾ ਰਿਹਾ ਅਤੇ ਹੁਣ ਤਕਰੀਬਨ 6.5 ਏਕੜ ਰਕਬੇ ਵਿੱਚ ਪਿਆਜ ਦੀ ਫਸਲ ਬੀਜੀ ਹੋਈ ਹੈ ਕਿਸਾਨ ਮੁਤਾਬਿਕ ਉੁਸ ਨੂੰ ਲਗਭਗ 150 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੁੰਦਾ ਹੈ ਜਿਸ ਦੀ ਔਸਤਨ 1000 ਰੁ: ਤੋਂ 2000 ਰੁ: ਪ੍ਰਤੀ ਕੁਇੰਟਲ ਤੱਕ ਵਿਕਰੀ ਕਰਕੇ ਵਧੀਆਂ ਮੁਨਾਫਾ ਪ੍ਰਾਪਤ ਕਰ ਰਿਹਾ ਹੈ।

ਇਸ ਤੋਂ ਉਤਸ਼ਾਹਿਤ ਹੋ ਕੇ ਹੁਣ ਇਸ ਪਿੰਡ ਦੇ ਹੋਰ ਕਿਸਾਨਾਂ ਨੇ ਵੀ ਇਸ ਫਸਲ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਤਕਰੀਬਨ 55 ਏਕੜ ਵਿੱਚ ਪਿਆਜ ਬੀਜਿਆ ਹੋਇਆ ਹੈ। ਇਸ ਨੁੰ ਦੇਖ ਕੇ ਨੇੜਲੇ ਪਿੰਡ ਘੇਲ, ਸੈਂਪਲੀ, ਬਹਿਲਾਂ, ਬਡਾਲੀ ਅਤੇ ਸਿਰਕੱਪੜਾ ਦੇ ਕਿਸਾਨਾਂ ਵੱਲੋਂ ਵੀ ਪਿਆਜ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਉਹ ਆਪਣੇ ਲਈ ਅਤੇ ਸਾਥੀ ਕਿਸਾਨਾਂ ਲਈ ਮਿਆਰੀ ਬੀਜ ਦਾ ਪ੍ਰਬੰਧ ਖੁਦ ਕਰਦਾ ਹੈ ਅਤੇ ਸਮੇਂ ਸਮੇਂ ਤੇ ਖਾਦਾਂ ਅਤੇ ਕੀਟਨਾਸ਼ਕਾਂ ਦੀ ਸਪਰੇ ਬਾਰੇ ਵੀ ਹੋਰ ਕਿਸਾਨਾਂ ਨੂੰ ਜਾਣਕਾਰੀ ਦੇ ਕੇ ਮਦਦ ਕਰਦਾ ਹੈ।

ਕਿਸਾਨ ਮੁਤਾਬਿਕ ਉਸ ਨੂੰ ਫਸਲ ਵੇਚਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਕਿਉਂਕਿ ਉਸਦਾ ਪਿੰਡ ਚੰਡੀਗੜ੍ਹ ਰੋਡ ਦੇ ਸਥਿਤ ਹੈ ਅਤੇ ਗ੍ਰਾਹਕ ਉਸਦੇ ਘਰ ਤੋਂ ਹੀ ਪਿਆਜ ਲੈ ਕੇ ਜਾਂਦੇ ਹਨ ਅਤੇ ਉਸ ਨੂੰ ਆਪਣੀ ਜਿਨਸ ਮੰਡੀ ਵਿੱਚ ਲਿਜਾਣ ਦੀ ਜਰੂਰਤ ਨਹੀਂ ਪੈਂਦੀ।

ਜਿਲ੍ਹਾ ਖੇਤੀਬਾੜੀ ਅਫਸਰ ਸ੍ਰੀ ਦਰਸ਼ਨ ਲਾਲ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਪਿਆਜ ਦੀ ਬਹੁਤ ਮੰਗ ਹੈ ਅਤੇ ਜਿਆਦਾਤਾਰ ਪਿਆਜ ਦੂਸਰੇ ਸੂਬਿਆਂ ਤੋਂ ਆਉਂਦਾ ਹੈ। ਜਿਲ੍ਹੇ ਵਿੱਚ ਪਿਆਜ ਦੀ ਕਾਸ਼ਤ ਨਾਲ ਜਿੱਥੇ ਕਿਸਾਨ ਖੁਸ਼ਹਾਲ ਹੋਵੇਗਾ ਉੱਥੇ ਦੂਸਰੇ ਰਾਜਾਂ ਤੇ ਨਿਰਭਰਤਾ ਘਟੇਗੀ।

ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਨਵੀਨਤਮ ਜਾਣਕਾਰੀ ਮਹੱਈਆਂ ਕਰਵਾਉਣ ਲਈ ਸੰਭਵ ਉਪਰਾਲੇ ਕਰਦਾ ਹੈ। ਉਹਨਾਂ ਦੂਸਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਮਾਹਿਰਾਂ ਦੀ ਰਾਇ ਮੁਤਾਬਿਕ ਆਧੁਨਿਕ ਖੇਤੀ ਕਰਨ ਤਾਂ ਕਿ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋ ਕਰਕੇ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਇਆ ਜਾ ਸਕੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..