December 12, 2024

Chandigarh Headline

True-stories

ਸਿੱਖਿਆ ਮਾਫੀਏ ਵਿਰੁੱਧ ਹੋਵੇ ਵਿਜੀਲੈਂਸ ਅਤੇ ਨਿਆਂਇਕ ਜਾਂਚ: ਡੀ.ਟੀ.ਐੱਫ.

1 min read

ਮੋਹਾਲੀ, 30 ਮਾਰਚ, 2022: ਸਰਕਾਰੀ ਸਕੂਲਾਂ ਦੇ ਤਥਾ ਕਥਿਤ ਸਿੱਖਿਆ ਮਾਫੀਏ ਸਬੰਧੀ ਵਾਇਰਲ ਹੋਏ ਅਤੇ ਮੀਡੀਆ ਰਿਪੋਰਟਾਂ ਰਾਹੀ ਚਰਚਾ ਵਿੱਚ ਆਏ ‘ਖੁੱਲੇ ਖਤ’ ਦੇ ਸੰਦਰਭ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੀ ਸੂਬਾ ਕਮੇਟੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡੀ.ਟੀ.ਐੱਫ. ਵੱਲੋਂ ਬਤੌਰ ਅਧਿਆਪਕ ਜੱਥੇਬੰਦੀ,  ਸਿੱਖਿਆ ਪ੍ਰਤੀ ਵਚਨਬੱਧਤਾ ਤਹਿਤ ਗਠਿਤ ਕੀਤੀ ਪੰਜ ਮੈਂਬਰੀ ‘ਤੱਥ ਖੋਜ ਕਮੇਟੀ’ ਦਾ ਐਲਾਨ ਵੀ ਕੀਤਾ ਗਿਆ।   

ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਾਇਰਲ ਪੱਤਰ ਅਨੁਸਾਰ ਸਿੱਖਿਆ ਵਿਭਾਗ ਦੇ ਕਿਸੇ ਸਮੇਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਰਹੇ ਅਤੇ ਸਾਲ 2017 ਤੋਂ 2021 ਦੌਰਾਨ ਸਕੂਲ ਸਿੱਖਿਆ ਸਕੱਤਰ ਰਹੇ, ਇੱਕ ਆਈ.ਏ.ਐੱਸ. ਅਧਿਕਾਰੀ ਅਤੇ ਉਸ ਵੱਲੋਂ ਚਲਾਏ ਪੜ੍ਹੋ ਪੰਜਾਬ ਪ੍ਰੋਜੈਕਟ ਸਬੰਧੀ ਲਗਾਏ ਦੋਸ਼ਾਂ ਦੇ ਅਤਿ ਗੰਭੀਰ ਹੋਣ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਨੂੰ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਿਤ ਤੱਥਾਂ ਦੀ ਸਚਾਈ ਜਾਨਣ ਲਈ ਵਿਜੀਲੈਂਸ ਜਾਂਚ ਅਤੇ ਸਿੱਖਿਆ ਪ੍ਰਬੰਧ ਵਿੱਚਲੇ ਕਥਿਤ ਵਿਗਾੜਾਂ ਸਬੰਧੀ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਨਿਆਂਇਕ ਜਾਂਚ ਕਰਵਾਉਣੀ ਚਾਹੀਦੀ ਹੈ।

ਸੂਬਾ ਪ੍ਰਧਾਨ ਨੇ ਦੱਸਿਆ ਕਿ  ਡਾ: ਹਰਦੀਪ ਟੋਡਰਪੁਰ ਦੀ ਅਗਵਾਈ ਹੇਠ ਗਠਿਤ ਪੰਜ ਮੈਂਬਰੀ ਕਮੇਟੀ ਵਿੱਚ ਰਾਜੀਵ ਕੁਮਾਰ ਬਰਨਾਲਾ, ਬੇਅੰਤ ਸਿੰਘ ਫੁੱਲੇਵਾਲ, ਗੁਰਪਿਆਰ ਕੋਟਲੀ ਅਤੇ ਤਜਿੰਦਰ ਸਿੰਘ ਕਪੂਰਥਲਾ ਸ਼ਾਮਿਲ ਹਨ। ਕਮੇਟੀ ਵੱਲੋਂ ਸੱਚਾਈ ਦੀ ਤਹਿ ਤੱਕ ਪਹੁੰਚਣ ਲਈ, ਨਿਰਪੱਖਤਾ ਨਾਲ ਤੱਥਾਂ ਦੀ ਜਾਂਚ ਕੀਤੀ ਜਾਵੇਗੀ। ਤੱਥ ਖੋਜ ਕਮੇਟੀ ਵੱਲੋਂ ਆਮ ਲੋਕਾਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਗਈ, ਕਿ ਵਾਇਰਲ ਪੱਤਰ ਵਿੱਚ ਦਰਜ਼ ਤੱਥਾਂ ਨਾਲ ਸਬੰਧਿਤ ਜਾਣਕਾਰੀ ਵਟਸਐਪ ਨੰਬਰ 9463248975 ਅਤੇ ਈ.ਮੇਲ. ਆਈ.ਡੀ.  factfindingcommitteedtf@gmail.com ‘ਤੇ ਭੇਜੀ ਜਾਵੇ, ਜਿਸ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। 

ਡੀ.ਟੀ.ਐੱਫ. ਦੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਜਗਪਾਲ ਬੰਗੀ, ਗੁਰਪਿਆਰ ਕੋਟਲੀ, ਰਘਬੀਰ ਭਵਾਨੀਗੜ੍ਹ ਅਤੇ ਸੰਯੁਕਤ ਸਕੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ, ਸਾਬਕਾ ਸਕੂਲ ਸਿੱਖਿਆ ਸਕੱਤਰ ਦੇ ਦੌਰ ਵਿੱਚ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਭਾਗ ਦੇ ਸੰਵਿਧਾਨਕ ਢਾਂਚੇ ਦੇ ਸਮਾਨਅੰਤਰ ਗੈਰ-ਸੰਵਿਧਾਨਕ ਪ੍ਰਬੰਧ ਖੜ੍ਹਾ ਹੋਣ, ਸਹਾਇਕ ਸਿੱਖਣ ਮਟੀਰੀਅਲ ਦੀ ਛਪਾਈ ਗੈਰ-ਪ੍ਰਵਾਨਿਤ ਤਰੀਕਿਆਂ ਰਾਹੀਂ ਹੋਣ, ਹਜਾਰਾਂ ਅਧਿਆਪਕਾਂ ਨੂੰ ਵੱਖ-ਵੱਖ ਪ੍ਰਾਜੈਕਟਾਂ ਦੇ ਨਾਂ ਹੇਠ ਸਕੂਲਾਂ `ਚੋਂ ਬਾਹਰ ਕਰਨ, ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸ਼ਨਾਂ ਰੱਦ ਨਾ ਕਰਨ ਅਤੇ ਹੇਠਲੇ ਕਰਮਚਾਰੀਆਂ ਨੂੰ ਦਾਬੇ ਹੇਠ ਰੱਖਣ ਲਈ ਹਰ ਹੀਲਾ ਵਸੀਲਾ ਵਰਤਨ ਦਾ ਵਿਆਪਕ ਵਿਰੋਧ ਹੁੰਦਾ ਰਿਹਾ ਹੈ। ਇਸ ਤੋਂ ਇਲਾਵਾ ਹਜਾਰਾਂ ਅਸਾਮੀਆਂ ਖਤਮ ਕਰਨ, ਸਰਕਾਰੀ ਇਨ-ਸਰਵਿਸ ਟਰੇਨਿੰਗ ਸੈਂਟਰ ਬੰਦ ਕਰਨ, ਨਿੱਜੀਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਨੂੰ ਲੁਕਵੇਂ ਰੂਪ ਨਾਲ ਲਾਗੂ ਕਰਨ, ਸੇਵਾ ਨਿਯਮਾਂ ਵਿੱਚ ਸਿੱਖਿਆ ਵਿਰੋਧੀ ਤਬਦੀਲੀਆਂ ਕਰਨ ਅਤੇ ਅਧਿਆਪਕਾਂ ਦੇ ਤਰੱਕੀ ਕੋਟੇ ਨੂੰ 75 ਫੀਸਦੀ ਤੋਂ ਘਟਾ ਕੇ 50 ਫੀਸਦੀ ਕਰਨ ਸਮੇਤ ਹੋਰ ਕਈ ਮਾਮਲਿਆਂ ਸਬੰਧੀ ਵੀ ਵਿਰੋਧ ਦੀ ਆਵਾਜ਼ ਉੱਠਦੀ ਰਹੀ ਹੈ।

ਇਸ ਮੌਕੇ ਡੀਟੀਐਫ ਦੇ ਸੂਬਾ ਕਮੇਟੀ ਮੈਂਬਰ ਮੁਲਖ ਰਾਜ, ਪਰਮਿੰਦਰ ਮਾਨਸਾ, ਹਰਦੀਪ ਟੋਡਰਪੁਰ, ਤਜਿੰਦਰ ਸਿੰਘ ਕਪੂਰਥਲਾ, ਬੇਅੰਤ ਸਿੰਘ ਫੂਲੇਵਾਲ, ਹੰਸ ਰਾਜ ਅਤੇ ਜਸਪਾਲ ਚੌਧਰੀ ਆਦਿ ਹਾਜਿਰ ਰਹੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..