ਕੁਲਵੰਤ ਸਿੰਘ ਵਲੋਂ ਫੇਜ਼ -7 ਮਾਰਕੀਟ ਦਾ ਤੂਫਾਨੀ ਦੌਰਾ
1 min readਮੋਹਾਲੀ, 9 ਫ਼ਰਵਰੀ, 2022: ਆਪ ਦੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਲਗਾਤਾਰ ਭਖਦੀ ਜਾ ਰਹੀ ਹੈ ਅਤੇ ਕੁਲਵੰਤ ਸਿੰਘ ਵੱਲੋਂ ਆਪ ਦੇ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਦੇ ਨਾਲ ਫੇਜ਼-7 ਮਾਰਕੀਟ ਦੇ ਸ਼ੋਅਰੂਮਾਂ ਅਤੇ ਬੂਥਾਂ ਦੇ ਦੁਕਾਨਦਾਰਾਂ ਨਾਲ ਰਾਬਤਾ ਕਰਦਿਆਂ ਵਿਸ਼ਾਲ ਤੂਫ਼ਾਨੀ ਦੌਰਾ ਕੀਤਾ । ਇਸ ਮੌਕੇ ਤੇ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਹਮਾਇਤ ਵਿਚ ਦੁਕਾਨਦਾਰਾਂ ਦੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਦੁਕਾਨਦਾਰਾਂ ਨੇ ਕੁਲਵੰਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੱਡੇ ਅੰਤਰ ਨਾਲ ਜਿੱਤ ਦਰਜ ਕਰਨਗੇ ।
ਦੁਕਾਨਦਾਰਾਂ ਨੇ ਕੁਲਵੰਤ ਸਿੰਘ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਉਹ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਦੀਆਂ ਵੋਟਾਂ ਵੀ ਆਪ ਦੇ ਹੱਕ ਵਿੱਚ ਭੁਗਤਾਉਣਗੇ । ਕੁਲਵੰਤ ਸਿੰਘ ਵੱਲੋਂ ਦੁਕਾਨਦਾਰਾਂ ਨਾਲ ਇਸ ਗੁਫ਼ਤਗੂ ਦੇ ਦੌਰਾਨ ਦੁਕਾਨਦਾਰਾਂ ਨੇ ਇਹ ਵੀ ਯਾਦ ਕਰਾਇਆ ਕਿ ਉਨ੍ਹਾਂ ਦੇ ਮੇਅਰ ਦੇ ਕਾਰਜਕਾਲ ਦੇ ਦੌਰਾਨ ਮੁਹਾਲੀ ਸ਼ਹਿਰ ਦਾ ਰੱਜ ਕੇ ਵਿਕਾਸ ਹੋਇਆ ਅਤੇ ਬਹੁਤ ਸਾਰੇ ਪ੍ਰਾਜੈਕਟ ਅਜਿਹੇ ਹਨ, ਜਿਹੜੇ ਉਨ੍ਹਾਂ ਦੇ ਮੇਅਰ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਹੋਏ ਸਨ, ਜਿਨ੍ਹਾਂ ਨੂੰ ਬਲਬੀਰ ਸਿੱਧੂ ਅੱਜ ਆਪਣੇ ਹੱਕ ਵਿੱਚ ਭੁਗਤਾਉਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਤੇ ਤੁਲੇ ਹੋਏ ਹਨ । ਪ੍ਰੰਤੂ ਮੁਹਾਲੀ ਦੇ ਲੋਕੀਂ ਇਹ ਭਲੀ- ਭਾਂਤ ਜਾਣਦੇ ਹਨ ਕਿ ਕੁਲਵੰਤ ਸਿੰਘ ਖ਼ੁਦ ਪ੍ਰੋਜੈਕਟ ਸ਼ੁਰੂ ਕਰਵਾਉਣ ਤੋਂ ਬਾਅਦ ਖ਼ੁਦ ਸਬੰਧਤ ਠੇਕੇਦਾਰਾਂ ਅਤੇ ਮੁਲਾਜ਼ਮਾਂ ਨੂੰ ਹਦਾਇਤਾਂ ਦੇਣ ਲਈ ਪ੍ਰਾਜੈਕਟ ਵਾਲੀ ਥਾਂ ਤੇ ਪੁੱਜ ਜਾਂਦੇ ਸਨ ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਉਹ ਕੰਮ ਨੂੰ ਸ਼ੁਰੂ ਕਰਵਾਉਣ ਤੋਂ ਬਾਅਦ ਕਿਸੇ ਅੰਜਾਮ ਤਕ ਨਹੀਂ ਪਹੁੰਚਾ ਲੈਂਦੇ, ਉਨ੍ਹਾਂ ਨੂੰ ਚੈਨ ਨਹੀਂ ਆਉਂਦੀ ਅਤੇ ਉਹ ਵਾਰੀ- ਵਾਰੀ ਸਬੰਧਤ ਇੰਜੀਨੀਅਰਾਂ ਦੇ ਕੋਲੋਂ ਉਸ ਕੰਮ ਦੀ ਰਿਪੋਰਟ ਲੈਂਦੇ ਰਹਿੰਦੇ ਸਨ । ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨੇ ਬਤੌਰ ਸਿਹਤ ਮੰਤਰੀ ਹੁੰਦਿਆਂ ਮੁਹਾਲੀ ਹਲਕੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਜਾਰੀ ਰੱਖਿਆ ਸੀ, ਜਿਸ ਕਰਕੇ ਮੁਹਾਲੀ ਹਲਕੇ ਦੇ ਲੋਕੀਂ ਬਲਵੀਰ ਸਿੱਧੂ ਨੂੰ ਮੁਆਫ਼ ਨਹੀਂ ਕਰਨਾ ਚਾਹੁੰਦੇ । ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਹਾਲੀ ਸ਼ਹਿਰ ਦੇ ਵੱਖ- ਵੱਖ ਵਾਰਡਾਂ ਦੇ ਵਿੱਚ ਰੱਖੀਆਂ ਛੋਟੀਆਂ ਮੀਟਿੰਗਾਂ ਵਿਸ਼ਾਲ ਇਕੱਤਰਤਾਵਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ ਅਤੇ ਪਿੰਡਾਂ ਵਿਚ ਪੰਚਾਇਤਾਂ ਖ਼ਾਸ ਕਰਕੇ ਕਾਂਗਰਸੀ ਸਰਪੰਚਾਂ ਅਤੇ ਮੈਂਬਰ ਪੰਚਾਇਤਾਂ ਦੇ ਵੱਲੋਂ ਆਪ ਦੀ ਹਮਾਇਤ ਕਰਨ ਦਾ ਅੈਲਾਨ ਪੜਾਅ -ਦਰ- ਪੜਾਅ ਕੀਤਾ ਜਾ ਰਿਹਾ ਹੈ । ਫੇਸ -7 ਦੀ ਮਾਰਕੀਟ ਦੇ ਦੌਰੇ ਦੇ ਦੌਰਾਨ ਕੁਲਵੰਤ ਸਿੰਘ ਦੇ ਨਾਲ ਆਪ ਨੇਤਾ- ਵਿਨੀਤ ਵਰਮਾ, ਡਾ ਸਨੀ ਆਹਲੂਵਾਲੀਆ,’ ਪ੍ਰਭਜੋਤ ਕੌਰ- ਸਕੱਤਰ- ਜ਼ਿਲ੍ਹਾ ਮੁਹਾਲੀ, ਸੀਨੀਅਰ ਆਪ ਨੇਤਾ – ਪਰਮਜੀਤ ਸਿੰਘ ਕਾਹਲੋਂ , ਗਿਆਨ ਚੰਦ ਅਗਰਵਾਲ,ਕਰਮ ਸਿੰਘ- ਪ੍ਰਧਾਨ ਮੋਟਰ ਮਾਰਕੀਟ ਫੇਜ਼-7 ਮੋਹਾਲੀ, ਪ੍ਰਿੰਸ ਮੁਹਾਲੀ,ਅਕਵਿੰਦਰ ਸਿੰਘ ਗੋਸਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਨੇਤਾ ਅਤੇ ਸਮਰਥਕ ਹਾਜ਼ਰ ਸਨ ।
ਦੁਕਾਨਦਾਰਾਂ ਵੱਲੋਂ ਥਾਂ- ਥਾਂ ਕੀਤਾ ਗਿਆ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ:
ਕੁਲਵੰਤ ਸਿੰਘ ਆਪ ਉਮੀਦਵਾਰ ਦੀ ਤਰਫੋਂ ਬੇਸ਼ੱਕ ਆਪਣੀ ਚੋਣ ਮੁਹਿੰਮ ਦੇ ਦੌਰਾਨ ਫੇਜ਼ -7 ਦੀ ਮਾਰਕੀਟ ਦਾ ਤੂਫਾਨੀ ਦੌਰਾ ਕੀਤਾ ਗਿਆ ਅਤੇ ਇਕ- ਇਕ ਕਰਕੇ ਉਹ ਦੁਕਾਨਦਾਰਾਂ ਨੂੰ ਮਿਲਦੇ ਰਹੇ । ਪ੍ਰੰਤੂ ਇਸ ਮੌਕੇ ਤੇ ਦੁਕਾਨਦਾਰਾਂ ਦੇ ਨੇ ਵੱਖ- ਵੱਖ ਵਫ਼ਦਾਂ ਦੇ ਰੂਪ ਵਿੱਚ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਕੇ ਉਨ੍ਹਾਂ ਨੂੰ ਇਕ ਤਜਰਬੇਕਾਰ ਅਤੇ ਮਿਹਨਤੀ ਵਿਧਾਇਕ ਮਿਲ ਜਾਵੇਗਾ ।