ਭਗਵੰਤ ਮਾਨ ਵੱਲੋਂ ਲੋਕਾਂ ਦੇ ਘਰਾਂ ਤੱਕ ਮਿਆਰੀ ਰਾਸ਼ਨ ਪਹੁੰਚਾਉਣ ਦਾ ਐਲਾਨ
1 min readਚੰਡੀਗੜ, 28 ਮਾਰਚ, 2022: ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਭਰ ਵਿੱਚ ਲੋਕਾਂ ਦੇ ਘਰ-ਘਰ ਤੱਕ ਨਿਰਵਿਘਨ ਰਾਸ਼ਨ ਪਹੁੰਚਾਉਣ ਲਈ ਨਿਵੇਕਲੀ ਸਕੀਮ ਦਾ ਐਲਾਨ ਕੀਤਾ।
ਇਸ ਸਬੰਧੀ ਇੱਕ ਵੀਡੀਓ ਸੁਨੇਹੇ ਵਿੱਚ ਐਲਾਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਲੋਕਾਂ ਨੂੰ ਸਾਫ-ਸੁਥਰੇ ਥੈਲਿਆਂ ਵਿੱਚ ਭਰ ਕੇ ਵਧੀਆ ਗੁਣਵੱਤਾ ਦਾ ਰਾਸ਼ਨ ਭਾਵ ਕਣਕ ਜਾਂ ਆਟਾ ਅਤੇ ਦਾਲ ਮੁਹੱਈਆ ਕਰਵਾਉਣਾ ਹੈ। ਉਨਾਂ ਕਿਹਾ, “ਤੁਹਾਨੂੰ ਹੁਣ ਰਾਸਨ ਲੈਣ ਲਈ ਲੰਬੀਆਂ ਕਤਾਰਾਂ ਵਿੱਚ ਖੜਨ ਜਾਂ ਆਪਣੀ ਦਿਹਾੜੀ ਤੋਂ ਖੁੰਝਣ ਦੀ ਜਰੂਰਤ ਨਹੀਂ ਹੈ ਅਤੇ ਹੁਣ ਸਾਡੇ ਅਧਿਕਾਰੀ ਤੁਹਾਡੇ ਘਰ ਰਾਸਨ ਪਹੁੰਚਾਉਣ ਤੋਂ ਪਹਿਲਾਂ ਤੁਹਾਡੇ ਘਰ ਵਿਚ ਮੌਜੂਦ ਹੋਣ ਬਾਰੇ ਪੁੱਛਿਆ ਕਰਨਗੇ।”
ਮਾਨ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਉਨਾਂ ਲਾਭਪਾਤਰੀਆਂ ਨੂੰ ਵੀ ਇੱਕ ਬਦਲ ਦਿੱਤਾ ਜਾਵੇਗਾ ਜੋ ਆਪਣੀ ਸਹੂਲਤ ਅਨੁਸਾਰ ਨੇੜਲੇ ਡਿਪੂਆਂ ਤੋਂ ਰਾਸਨ ਦੀ ਸਪਲਾਈ ਲੈਣਾ ਚਾਹੁੰਦੇ ਹਨ। ਉਨਾਂ ਅਫਸੋਸ ਪ੍ਰਗਟ ਕੀਤਾ ਕਿ ਆਜਾਦੀ ਦੇ 75 ਸਾਲ ਬਾਅਦ ਵੀ ਲੋਕਾਂ ਨੂੰ ਰਾਸਨ ਲੈਣ ਲਈ ਲੰਬੀਆਂ ਕਤਾਰਾਂ ਵਿੱਚ ਖੜਨਾ ਪੈਂਦਾ ਹੈ ਜਦੋਂਕਿ ਹੁਣ ਡਿਜੀਟਲ ਯੁੱਗ ਵਿੱਚ ਲੋਕ ਬਹੁਤ ਘੱਟ ਸਮੇਂ ਵਿੱਚ ਕੋਈ ਵੀ ਚੀਜ ਆਪਣੀ ਥਾਂ ’ਤੇ ਆਨਲਾਈਨ ਪ੍ਰਾਪਤ ਕਰ ਸਕਦੇ ਹਨ।
ਉਨਾਂ ਕਿਹਾ ਕਿ ਇਹ ਲੋਕ ਹਿਤੈਸੀ ਪਹਿਲਕਦਮੀ ਲੋਕਾਂ ਨੂੰ ਉਨਾਂ ਦੇ ਦਰ ’ਤੇ ਹੀ ਵਧੀਆ ਗੁਣਵੱਤਾ ਦਾ ਰਾਸਨ ਮਿਲਣਾ ਯਕੀਨੀ ਬਣਾਏਗੀ। ਉਨਾਂ ਕਿਹਾ ਕਿ ਪਹਿਲਾਂ ਸਾਡੀਆਂ ਮਾਵਾਂ ਨੂੰ ਰਾਸਨ ਲੈਣ ਲਈ 2-2 ਕਿਲੋਮੀਟਰ ਤੱਕ ਵੀ ਜਾਣਾ ਪੈਂਦਾ ਸੀ ਅਤੇ ਉਹ ਰਾਸ਼ਨ ਵੀ ਘਟੀਆ ਗੁਣਵੱਤਾ ਦਾ ਹੁੰਦਾ ਸੀ ਜੋ ਕਿ ਖਾਣ ਲਈ ਢੁਕਵਾਂ ਨਹੀਂ ਹੁੰਦਾ ਸੀ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਤੁਹਾਡੇ ਘਰ ਦੇ ਦਰਵਾਜ਼ੇ ’ਤੇ ਵਧੀਆ ਅਤੇ ਸਵੱਛ ਰਾਸਨ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਹੈ। ਉਨਾਂ ਕਿਹਾ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਰੂਪ-ਰੇਖਾ ਜਲਦੀ ਹੀ ਉਲੀਕੀ ਜਾਵੇਗੀ।
ਮਾਨ ਨੇ ਅੱਗੇ ਕਿਹਾ ਕਿ ਇਹ ਸਕੀਮ ਪਹਿਲਾਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਸੁਰੂ ਕੀਤੀ ਗਈ ਸੀ ਪਰ ਕੇਂਦਰ ਵੱਲੋਂ ਇਸ ਨੂੰ ਕਿਸੇ ਤਰਾਂ ਰੋਕ ਦਿੱਤਾ ਗਿਆ ਸੀ ਕਿਉਂਕਿ ਕੇਂਦਰ ਦਾ ਇਰਾਦਾ ਲੋਕਾਂ ਨੂੰ ਰਾਸਨ ਲਈ ਲੰਬੀਆਂ ਕਤਾਰਾਂ ਵਿੱਚ ਖੜਾ ਕਰਨਾ ਸੀ।