ਮੰਡੀ ਬੋਰਡ ਨੇ ਫੇਸ 11 ਸਥਿਤ ਮੁੱਖ ਸਬਜ਼ੀ ਅਤੇ ਫ਼ਲ ਮੰਡੀ ਵਿੱਚ 15 ਦੁਕਾਨਾਂ ਅਲਾਟੀਆਂ ਨੂੰ ਸੌਂਪੀਆਂ: ਚੇਅਰਮੈਨ ਗੋਵਿੰਦਰ ਮਿੱਤਲ

ਮੋਹਾਲੀ, 8 ਜੁਲਾਈ, 2025: ਪੰਜਾਬ ਮੰਡੀ ਬੋਰਡ ਵਲੋਂ ਮੋਹਾਲੀ ਦੇ ਫੇਸ 11 ਵਿੱਚ ਸਥਿਤ ਮੁੱਖ ਸਬਜ਼ੀ ਅਤੇ ਫ਼ਲ ਮੰਡੀ ਵਿੱਚ ਪਿਛਲੇ ਦਿਨੀਂ ਅਲਾਟ ਕੀਤੀਆਂ ਗਈਆਂ 15 ਡਬਲ ਸਟੋਰੀ ਦੁਕਾਨਾਂ ਅੱਜ ਮਾਰਕੀਟ ਕਮੇਟੀ ਮੋਹਾਲੀ ਦੇ ਚੇਅਰਮੈਨ ਐਡਵੋਕੇਟ ਗੋਵਿੰਦਰ ਮਿੱਤਲ ਵੱਲੋਂ ਅਲਾਟੀਆਂ ਨੂੰ ਸੌਂਪੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸਕੱਤਰ ਜੈ ਵਿਜੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸਤੋਂ ਪਹਿਲਾਂ ਮਾਰਕੀਟ ਕਮੇਟੀ ਮੋਹਾਲੀ ਦੇ ਚੇਅਰਮੈਨ ਐਡਵੋਕੇਟ ਗੋਵਿੰਦਰ ਮਿੱਤਲ ਨੇ ਅਲਾਟੀਆਂ ਨਾਲ ਅਪਣੇ ਦਫ਼ਤਰ ਵਿਖੇ ਮੁਲਾਕਤ ਕੀਤੀ ਅਤੇ ਕਬਜ਼ਾ ਹਾਸਲ ਕਰਨ ਲਈ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ। ਚੇਅਰਮੈਨ ਮਿੱਤਲ ਨੇ ਫਲ ਅਤੇ ਸਬਜੀਆਂ ਦੇ ਹੋਲ ਸੇਲ ਵਿਕ੍ਰੇਤਾਵਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਆੜਤੀਆਂ ਨੂੰ ਜਲਦ ਤੋਂ ਜਲਦ ਕੰਮ ਸ਼ੁਰੁ ਕਰਨ ਲਈ ਕਿਹਾ ਤਾਂ ਜ਼ੋ ਕਿ ਇਸ ਖਿੱਤੇ ਦੇ ਲੋਕਾਂ ਨੂੰ ਇਸ ਮੰਡੀ ਦਾ ਲਾਭ ਮਿਲ ਸਕੇ।
ਉਨ੍ਹਾਂ ਨੇ ਆੜਤੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਸ ਮੰਡੀ ਨੂੰ ਚਲਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਬਣ ਕੇ ਤਿਆਰ ਹੋਈ ਇਸ ਮੰਡੀ ਨੂੰ ਚਲਾਉਣ ਲਈ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ ਕਾਫ਼ੀ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਹੁਣ ਚੰਡੀਗੜ੍ਹ ਅਤੇ ਪੰਚਕੂਲਾ ਦੇ ਵੱਡੇ ਆੜਤੀਆਂ ਵੱਲੋਂ ਇਹ ਦੁਕਾਨਾਂ ਖ਼ਰੀਦੇ ਜਾਣ ਉਪਰੰਤ ਇਸ ਮੰਡੀ ਦੇ ਚਲਣ ਦੀ ਆਸ ਬੱਝੀ ਹੈ ਅਤੇ ਸ਼੍ਰੀ ਹਰਚੰਦ ਸਿੰਘ ਬਰਸਟ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ।
ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ ਨੇ ਖੁਦ ਇਸ ਮੰਡੀ ਵਿੱਚ ਇਨਵੈਸਟਮੈਂਟ ਕਰਨ ਲਈ ਟਰਾਈਸਿਟੀ ਦੇ ਆੜਤੀਆਂ ਨਾਲ ਜਾ ਕੇ ਮੀਟਿੰਗਾਂ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਇੱਥੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਸੀ। ਅੱਜ ਇਨ੍ਹਾਂ ਦੁਕਾਨਾਂ ਦਾ ਕਬਜ਼ਾ ਹਾਸਲ ਕਰਨ ਆਏ ਆੜਤੀਆਂ ਵੱਲੋਂ ਜਲਦ ਹੀ ਇੱਥੇ ਕੰਮ ਸ਼ੁਰੁ ਕਰਨ ਦਾ ਐਲਾਨ ਕੀਤਾ ਗਿਆ ਅਤੇ ਤਹਿ ਸ਼ਰਤਾਂ ਦੇ ਮੁਤਾਬਿਕ ਸਮੇਂ ਸਿਰ ਕਬਜ਼ਾ ਦੇਣ ਲਈ ਮੰਡੀ ਬੋਰਡ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ।
ਇੱਥੇ ਇਹ ਦੱਸਣਯੋਗ ਹੈ ਕਿ ਇਸ ਮੰਡੀ ਦੇ ਚੱਲਣ ਨਾਲ ਇਸ ਏਰੀਏ ਦੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ, ਜਿੱਥੇ ਫਲਾਂ ਅਤੇ ਸਬਜੀਆਂ ਦੇ ਹੋਲ ਸੇਲ ਵਿਕ੍ਰੇਤਾਵਾਂ ਨੂੰ ਲਾਭ ਮਿਲੇਗਾ ਉਥੇ ਰਿਟੇਲ ਵਿਕਰੇਤਾ ਅਤੇ ਛੋਟੇ ਦੁਕਾਨਦਾਰਾਂ ਨੂੰ ਵੀ ਇਸ ਮੰਡੀ ਦਾ ਲਾਭ ਮਿਲੇਗਾ ਅਤੇ ਉਪਭੋਗਤਾ ਵੀ ਇਸ ਮੰਡੀ ਦੇ ਚੱਲਣ ਨਾਲ ਕਾਫ਼ੀ ਰਾਹਤ ਮਹਿਸੂਸ ਕਰਨਗੇ। ਮੋਹਾਲੀ ਦੇ ਲੋਕ ਵੀ ਲੰਬੇ ਸਮੇਂ ਤੋਂ ਇਸ ਮੰਡੀ ਦੇ ਚੱਲਣ ਦੀ ਉਡੀਕ ਕਰ ਰਹੇ ਸਨ, ਜ਼ੋ ਕਿ ਲਗਦਾ ਹੈ ਹੁਣ ਜਲਦ ਹੀ ਪੂਰੀ ਹੋਣ ਵਾਲੀ ਹੈ ਕਿਉਂਕਿ ਪੰਜ਼ਾਬ ਮੰਡੀ ਬੋਰਡ ਵੱਲੋਂ ਰੇਟੇਲ ਵਿਕ੍ਰੇਤਾਵਾਂ ਲਈ ਛੋਟੇ ਬੂਥ ਵੀ ਮੁਹੱਈਆਂ ਕਰਵਾਏ ਜਾ ਰਹੇ ਹਨ।
ਅੱਜ ਇਹਨਾਂ ਦੁਕਾਨਾਂ ਦਾ ਕਬਜ਼ਾ ਹਾਸਲ ਕਰਨ ਵਾਲੇ ਵਿਅਕਤੀਆਂ ਵਿੱਚ ਅਨਿਲ ਕੁਮਾਰ, ਸੰਨੀ ਮਿਲਗਨੀ, ਸੰਜੇ ਸ਼ਾਹ, ਤੇਜ ਭਾਨ ਸਿੰਘ, ਸਵਰਨ ਸਿੰਘ, ਪਵਨ ਕੁਮਾਰ, ਮੁਹੰਮਦ ਇਮਰਾਨ, ਰਮਨ ਗਿਰਧਰ, ਗੌਰਵ ਅਲੱਗ ਅਤੇ ਭਾਰਤ ਭੂਸ਼ਨ ਆਦਿ ਹਾਜ਼ਰ ਸਨ।