July 10, 2025

Chandigarh Headline

True-stories

ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਉਤੇ ਲੱਗੇ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼

1 min read

ਮੋਹਾਲੀ, 12 ਜੂਨ , 2025: ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿਚ ਭ੍ਰਿਸ਼ਟਾਚਾਰ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਯੂਨੀਵਰਸਿਟੀ ਦੇ ਮੌਜੂਦਾ ਵਾਇਸ ਚਾਂਸਲਰ ਡਾਕਟਰ ਰਾਜੀਵ ਸੂਦ ਉਤੇ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇਣ ਅਤੇ ਨਜਾਇਜ਼ ਢੰਗ ਨਾਲ ਬਿਨਾਂ ਟੈਂਡਰ ਦਿੱਤੇ ਵੱਖ ਵੱਖ ਕੰਮ ਕਰਵਾਉਣਾ ਆਦਿ ਸੁਰਖੀਆਂ ਵਿਚ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਅਤੇ ਕਿੱਕ ਬਾਕਸਿੰਗ ਕੋਚ ਤੇ ਸਮਾਜ ਸੇਵੀ ਕੁਲਦੀਪ ਸਿੰਘ ਅਟਵਾਲ (ਫਰੀਦਕੋਟ) ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਵਿਚ ਵੱਡੇ ਪੱਧਰ ਉਤੇ ਘਪਲੇ ਚੱਲ ਰਹੇ ਹਨ, ਜਿਨ੍ਹਾਂ ਵਿਚ ਨਵੀਂ ਭਰਤੀ ਸਮੇਂ ਸਰਕਾਰੀ ਹਦਾਇਤਾਂ ਨੂੰ ਅਣਦੇਖਿਆਂ ਕਰਦਿਆਂ ਆਪਣੇ ਚਹੇਤੇ ਵਿਅਕਤੀਆਂ ਨੂੰ ਨੌਕਰੀ ਦੇਣ, ਬਿਨਾਂ ਟੈਂਡਰ ਦੇ ਕੰਮ ਕਰਵਾਉਣ ਅਤੇ ਆਪਣੇ ਨਿੱਜੀ ਟੂਰਾਂ ਲਈ ਸਰਕਾਰੀ ਗੱਡੀਆਂ ਦੀ ਵਰਤੋਂ ਕਰਨਾ ਸ਼ਾਮਲ ਹੈ। ਉਹਨਾਂ ਅੱਗੇ ਦੱਸਿਆ ਕਿ ਵਾਇਸ ਚਾਂਸਲਰ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਤੋਂ ਹੈ ਅਤੇ ਉਹ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨਾਲ ਧੱਕਾ ਕਰਕੇ, ਪ੍ਰਵਾਸੀ ਵਿਅਕਤੀਆਂ ਨੂੰ ਨੌਕਰੀ ਉਤੇ ਰੱਖਣਾ ਪਸੰਦ ਕਰਦੇ ਹਨ। ਉਹਨਾਂ ਵੱਲੋਂ ਆਪਣੇ ਇਕ ਚਹੇਤੇ ਨੂੰ ਲਾਅ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਉਸ ਨੂੰ 43000 ਰੁ: ਤਨਖ਼ਾਹ ਦਿੱਤੀ ਜਾ ਰਹੀ ਹੈ। ਜਦਕਿ ਉਸਨੂੰ ਪੰਜਾਬੀ ਲਿਖਣੀ-ਬੋਲਣੀ ਤੱਕ ਨਹੀਂ ਆਉਂਦੀ। ਵੀਸੀ ਸਾਹਿਬ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਤੇ ਹਰਿਆਣੇ ਤੋਂ ਕੋਈ ਤਜਰਬੇਕਾਰ ਵਿਅਕਤੀ ਨਹੀਂ ਮਿਲਿਆ।

ਵਾਇਸ ਚਾਂਸਲਰ ਵੱਲੋਂ ਭ੍ਰਿਸ਼ਟਾਚਾਰ ਦੀ ਹੱਦ ਤਾਂ ਉਦੋਂ ਪਾਰ ਹੋ ਗਈ, ਜਦੋਂ ਇਹ ਪਤਾ ਚੱਲਿਆ ਕਿ ਉਹਨਾਂ ਦੀ ਪਤਨੀ ਰੀਨਾ ਸੂਦ, ਪੁੱਤਰ ਈਸ਼ਾਨ ਸੂਦ ਅਤੇ ਨੂੰਹ ਪਾਖੀ ਚਤੁਰਵੇਦੀ ਸੂਦ ਦੀ ਕਥਿਤ ਗ਼ੈਰਕਾਨੂੰਨੀ ਢੰਗ ਨਾਲ ਯੂਨੀਵਰਸਿਟੀ ਦੇ ਰਿਸਰਚ ਸੈਂਟਰ ਵਿਚ ਗੈਸਟ ਫੈਕਲਟੀ ਵਜੋਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਅਤੇ ਹਰ ਵਿਅਕਤੀ ਨੂੰ 80,000/- ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ, ਜਦਕਿ ਉਹਨਾਂ ਦਾ ਪੁੱਤਰ ਤੇ ਨੂੰਹ ਭਾਰਤ ਦੇ ਨਹੀਂ ਬਲਕਿ ਯੂਰਪ ਦੇ ਇਕ ਦੇਸ਼ ਦੇ ਪੱਕੇ ਵਸਨੀਕ ਹਨ।

ਇਥੇ ਹੀ ਬਸ ਨਹੀਂ, ਵਾਇਸ ਚਾਂਸਲਰ ਵੱਲੋਂ ਯੂਨੀਵਰਸਿਟੀ ਵਿਚ ਸੁਪਰਡੰਟ ਦੇ ਅਹੁਦੇ ਉਤੇ ਆਪਣੀ ਚਹੇਤੀ ਅਤੇ ਗ਼ੈਰ ਤਜ਼ਰਬੇਕਾਰ ਡਾਕਟਰ ਨੀਤੂ ਕੱਕੜ ਨੂੰ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਹਰ ਤਰ੍ਹਾਂ ਦੇ ਕਥਿਤ ਗ਼ੈਰਕਾਨੂੰਨੀ ਕੰਮ ਕਰਨ ਦੇ ਪੂਰੇ ਅਧਿਕਾਰ ਦੇ ਰੱਖੇ ਹਨ। ਇਸਦਾ ਫਾਇਦਾ ਉਠਾਉਂਦਿਆਂ ਹੀ ਨੀਤੂ ਕੱਕੜ ਨੇ ਆਪਣੇ ਘਰ ਵਿਚ ਕੇਅਰ-ਟੇਕਰ ਵਜੋਂ ਕੰਮ ਕਰਦੀ ਗ਼ੈਰ ਤਜ਼ਰਬੇਕਾਰ ਲੜਕੀ ਨੂੰ ਲੈਬ ਟੈਕਨੀਸ਼ੀਅਨ ਦੇ ਅਹੁਦੇ ਉਤੇ ਨਿਯੁਕਤ ਕਰ ਦਿੱਤਾ। ਇਸੇ ਤਰ੍ਹਾਂ ਨੀਤੂ ਕੱਕੜ ਵੱਲੋਂ 38 ਸਾਲਾ ਇਕ ਜਨਰਲ ਵਰਗ ਦੀ ਲੜਕੀ ਨੂੰ ਨੌਕਰੀ ਉਤੇ ਰੱਖਿਆ ਗਿਆ ਹੈ, ਜਦਕਿ ਸਰਕਾਰ ਵੱਲੋਂ ਇਸ ਅਸਾਮੀ ਲਈ ਉਮਰ ਹੱਦ 37 ਸਾਲ ਹੈ। ਇਥੇ ਹੀ ਬੱਸ ਨਹੀਂ ਸਗੋਂ ਵਾਇਸ ਚਾਂਸਲਰ ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਯੂਨੀਵਰਸਿਟੀ ਦੇ ਖਰਚੇ ਉਤੇ ਤਿੰਨ ਲਗਜ਼ਰੀ ਗੱਡੀਆਂ ਖਰੀਦੀਆਂ ਗਈਆਂ ਹਨ ਅਤੇ ਇਹਨਾਂ ਨੂੰ ਕਥਿਤ ਤੌਰ ਉਤੇ ਆਪਣੇ ਨਿੱਜ ਸਵਾਰਥ ਲਈ ਵਰਤਿਆ ਜਾਂਦਾ ਹੈ।

ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਅਤੇ ਕੁਲਦੀਪ ਸਿੰਘ ਅਟਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਭਾਵੇਂ ਕਿ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਚੰਗੇ ਉਪਰਾਲੇ ਕਰ ਰਹੀ ਹੈ ਪਰ ਇਹ ਭਰਿਸ਼ਟ ਅਧਿਕਾਰੀ ਉਚ ਅਹੁਦਿਆਂ ਦਾ ਨਜਾਇਜ਼ ਫਾਇਦਾ ਉਠਾ ਕੇ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ। ਇਸ ਲਈ ਅਜਿਹੀ ਭ੍ਰਿਸ਼ਟ ਅਫਸਰਸ਼ਾਹੀ ਉਤੇ ਤੁਰੰਤ ਨਕੇਲ ਪਾਈ ਜਾਵੇ ਤਾਂ ਜੋ ਸਰਕਾਰ ਦੇ ਅਕਸ਼ ਨੂੰ ਢਾਹ ਨਾ ਲੱਗੇ।

ਕੀ ਕਹਿਣਾ ਹੈ ਵਾਇਸ ਚਾਂਸਲਰ ਦਾ…:

ਇਸ ਸਬੰਧੀ ਜਦੋਂ ਵਾਇਸ ਚਾਂਸਲਰ ਰਾਜੀਵ ਸੂਦ ਨਾਲ ਉਹਨਾਂ ਉਤੇ ਲਗਾਏ ਗਏ ਉਪਰੋਕਤ ਦੋਸ਼ਾਂ ਬਾਰੇ ਫੋਨ ਉਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਨੂੰ ਨਿਰਾ ਝੂਠ ਅਤੇ ਰਾਜਨੀਤੀ ਤੋਂ ਪ੍ਰੇਰਿਤ ਅਤੇ ਬੇਬੁਨਿਆਦ ਦੱਸਿਆ। ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਕੁਝ ਵਿਅਕਤੀਆਂ ਵਲੋਂ ਫਰੀਦਕੋਟ ਵਿਚ ਕੀਤੀ ਕਾਨਫਰੰਸ ਤੋਂ ਬਾਅਦ ਯੂਨੀਵਰਸਿਟੀ ਪਹਿਲਾਂ ਹੀ ਆਪਣਾ ਪੱਖ ਦੇ ਚੁੱਕੀ ਹੈ, ਇਹ ਨਿਰਾ ਝੂਠ ਹੈ। ਇਸ ਮਾਮਲੇ ਵਿਚ ਪਹਿਲਾਂ ਹੀ ਸਾਈਬਰ ਸੈੱਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾ ਰਹੀ ਤਨਖ਼ਾਹ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਹ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਜਦੋਂ ਉਹਨਾਂ ਤੋਂ ਨੌਕਰੀਆਂ ਦੀਆਂ ਸ਼ਰਤਾਂ ਪੂਰੀਆਂ ਨਾ ਕਰਦੇ ਮੁਲਾਜ਼ਮਾਂ ਨੂੰ ਨੌਕਰੀ ਉਤੇ ਰੱਖਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੁਝ ਅਹੁਦੇ ਆਊਟਸੋਰਸਿੰਗ ਰਾਹੀਂ ਭਰੇ ਜਾਂਦੇ ਹਨ, ਜਿਨ੍ਹਾਂ ਉਤੇ ਦਸਵੀਂ ਜਮਾਤ ਵਿਚ ਪੰਜਾਬੀ ਵਿਸ਼ੇ ਵਿਚ ਪਾਸ ਹੋਣ ਦੀਆਂ ਸ਼ਰਤਾਂ ਲਾਗੂ ਨਹੀਂ ਹੁੰਦੀਆਂ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..